ਦੀਵਾਲੀ ਦੀ ਰਾਤ ਪਟਾਕਾ ਚਲਾਉਦੇ ਸਮੇ ਹੋਏ ਹਾਦਸੇ ਵਿਚ ਇਕ ਬੱਚੇ ਦੀ ਗਈ ਜਾਨ
ਚੰਡੀਗੜ, 9 ਨਵੰਬਰ 2026 : ਜਗਰਾਓਂ ਦੇ ਰਾਏਕੋਟ ਇਲਾਕੇ ਅਧੀਨ ਪੈਂਦੀ ਨਵੀਂ ਆਬਾਦੀ ਅਕਾਲਗੜ੍ਹ ਵਿੱਚ ਦੀਵਾਲੀ ਦੀ ਰਾਤ ਇਕ ਪਟਾਕਾ ਚਲਾਉਦੇ ਸਮੇ ਅਚਾਨਕ ਹੋਏ ਹਾਦਸੇ ਕਾਰਨ ਇਕ ਬੱਚੇ ਦੀ ਜਾਨ ਚਲੀ ਗਈ, ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਜਾਣਕਾਰੀ ਦੇ ਅਨੁਸਾਰ 14 ਸਾਲਾ ਮ੍ਰਿਤਕ ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਪਰਿਵਾਰ ਦੇ ਮੈਬਰ ਘਰ ਦੀ ਛੱਤ ਤੇ ਦਿਵਾਲੀ ਦੌਰਾਨ ਪਟਾਕੇ ਚਲਾ ਰਹੇ ਸਨ। ਇਸੇ ਦੌਰਾਨ ਇੱਕ ਪਟਾਕਾ ਪਹਿਲੀ ਵਾਰ ਅੱਗ ਲਗਾਉਣ ’ਤੇ ਨਹੀਂ ਚੱਲਿਆ।
ਜਦੋਂ ਦੂਜੀ ਵਾਰ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਸ ਦੀ ਲਪੇਟ ਵਿੱਚ ਆਉਣ ਕਾਰਨ 14 ਸਾਲਾ ਗਗਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਪਈ ਹੈ।