ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ
ਚੰਡੀਗੜ, 30 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਿਕ ਖੇਤਰ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ ਅਤੇ ਇਕ ਉਸਾਰੀ ਪੰਜਾਬ ਦੇ ਨਾਮ ’ਤੇ ਨਵਾਂ ਵਿਭਾਗ ਕਾਇਮ ਕਰੇਗੀ ਜੋ ਤਾਂ ਜੋ ਆਈ ਟੀ ਤੇ ਏ ਆਈ ਸਹੂਲਤਾਂ ਸਮੇਤ ਬਿਲਡਰਾਂ ਨੂੰ ਤੇਜ਼ ਰਫਤਾਰ ਕਲੀਅੰਰਸ ਦਿੱਤੀ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਜੋ ਅੱਜ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਸਮੇਤ ਇਥੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ, ਨੇ ਕਿਹਾ ਕਿ ਬਿਜਲੀ ਦੀਆਂ 10 ਤੋਂ 12 ਰੁਪਏ ਪ੍ਰਤੀ ਯੂਨਿਟ ਦੀਆਂ ਮਹਿੰਗੀਆਂ ਦਰਾਂ ਕਾਰਨ ਪੰਜਾਬ ਵਿਚ ਉਦਯੋਗਾਂ ਵਾਸਤੇ ਕੰਮ ਕਰਨਾ ਔਖਾ ਹੋ ਗਿਆ ਹੈ।
ਉਨਾਂ ਕਿਹਾ ਕਿ ਇਨਾਂ ਦਰਾਂ ਵਿਚ ਕਟੌਤੀ ਕਰਨ ਦੇ ਨਾਲ-ਨਾਲ ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗਪਤੀਆਂ ਨੂੰ ਆਪਣੇ ਸੋਲਰ ਪਲਾਟ ਲਗਾ ਕੇ ਬਿਜਲੀ ਦਰਾਂ ਵਿਚ ਕਮੀ ਲਿਆਉਣ ਦੀ ਸਹੂਲਤ ਦੇਵੇਗੀ ਜਿਸਦੀ ਬਦੌਲਤ ਬਿਜਲੀ ਦਰਾਂ ਘੱਟ ਕੇ 1.50 ਰੁਪਏ ਪ੍ਰਤੀ ਯੂਨਿਟ ਰਹਿ ਜਾਣਗੀਆਂ।
ਉਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਨਿਵੇਸ਼ ਪੰਜਾਬ ਵਿਭਾਗ ਰਾਹੀਂ ਨਵੇਂ ਨਿਵੇਸ਼ ਦੀਆਂ ਤਜਵੀਜ਼ਾਂ ਨੂੰ ਤਰਜੀਹ ਦੇ ਆਧਾਰ ’ਤੇ ਪਾਸ ਕੀਤਾ ਜਾਵੇਗਾ ਅਤੇ ਅਗਲੀ ਅਕਾਲੀ ਦਲ ਦੀ ਸਰਕਾਰ ਵੇਲੇ ਇਕ ਉਸਾਰੀ ਪੰਜਾਬ ਵਿਭਾਗ ਦੀ ਸਿਰਜਣਾ ਕੀਤੀ ਜਾਵੇਗੀ।
ਇਹ ਵਿਭਾਗ ਸਾਰੇ ਬਿਲਡਰਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਲੈ ਕੇ ਦੇਣ ਵਾਸਤੇ ਜ਼ਿੰਮੇਵਾਰ ਹੋਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸੀ ਐਲ ਯੂ ਚਾਰਜਿਜ਼ ਵਿਚ ਕਟੌਤੀ ਕੀਤੀ ਜਾਵੇਗੀ ਅਤੇ ਸੀ ਐਲ ਯੂ ਦੇਣ ਦੀ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਸਾਰੀਆਂ ਨਜਾਇਜ਼ ਕਲੌਨੀਆਂ ਵਾਸਤੇ ਇਕਮੁਸ਼ਤ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇਗੀ।