ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਿਰਕਤ, ਸ਼ਰਧਾ ਨਾਲ ਕੀਤਾ ਨਮਨ
ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਵਾਲਮੀਕਿ ਜੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਪੂਰੇ ਸਮਾਗਮ ਦੌਰਾਨ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਲ ਪੰਜਾਬ ਸਰਕਾਰ ਦੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਨੇ ਵੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੇ ਮਾਨਵ ਸਮਾਜ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵੱਲੋਂ ਰਚਿਆ ਗਿਆ ਰਾਮਾਇਣ ਦਾ ਮਹਾਨ ਗ੍ਰੰਥ ਭਾਰਤੀ ਸੱਭਿਆਚਾਰ, ਮਰਿਆਦਾ, ਨੈਤਿਕਤਾ ਅਤੇ ਆਦਰਸ਼ ਜੀਵਨ ਕਦਰਾਂ-ਕੀਮਤਾਂ ਦਾ ਅਨਮੋਲ ਖ਼ਜ਼ਾਨਾ ਹੈ। ਭਗਵਾਨ ਵਾਲਮੀਕਿ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਮਾਜ ਨੂੰ ਸਦਾਚਾਰ, ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ, ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ।
ਇਸ ਮੌਕੇ ਓਐੱਸਡੀ ਕਰੁਣ ਅਰੋੜਾ, ਵਿਕਾਸ ਅਗਰਵਾਲ, ਲਵਲੇਸ਼ ਅਰੋੜਾ, ਪੀਏ ਮਹੇਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵਰਮਾ ਸਮੇਤ ਹੋਰ ਪਾਰਟੀ ਵਰਕਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਸਾਰਿਆਂ ਨੇ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾਪੂਰਵਕ ਨਮਨ ਕੀਤਾ।