ਭਾਈ ਮਹਾਰਾਜ ਦੇ ਆਦਰਸ਼ਾਂ ਅਤੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ : ਪ੍ਰੋ. ਬਡੂੰਗਰ
ਪਟਿਆਲਾ 4 ਜੁਲਾਈ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਭਾਈ ਮਹਾਰਾਜ ਸਿੰਘ ਦਾ ਫਰੰਗੀਆਂ ਦੀਆਂ ਲੜਾਈਆਂ ਸਮੇਂ ਡੋਗਰਿਆਂ ਅਤੇ ਮਿਸਰ ਭਰਾਵਾਂ ਵੱਲੋਂ ਨਿਭਾਈ ਗਈ ਭੂਮਿਕਾ ਅਤੇ ਉਸ ਸਮੇਂ ਦੀਆਂ ਘਟਨਾਵਾਂ ਦਾ ਮਨ ’ਤੇ ਗਹਿਰਾ ਅਸਰ ਹੋਇਆ, ਜਿਨ੍ਹਾਂ ਨੇ ਦੇਸ਼ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਫੈਸਲਾ ਲਿਆ।
ਭਾਈ ਮਹਾਰਾਜ ਨੇ ਆਪਣੇ ਜੀਵਨ ਵਿਚ ਸੰਤ ਅਤੇ ਸਿਪਾਹੀ ਬਣ ਕੇ ਅੰਗਰੇਜ਼ ਸਾਮਰਾਜ ਦੇ ਖਿਲਾਫ ਅਜਿਹੀ ਤਿਆਰੀ ਆਰੰਭੀ, ਜਿਨਾਂ ਵਿਚ ਅਜ਼ਾਦੀ ਦੀ ਲੜਾਈ ਦੌਰਾਨ ਮਰ ਮਿਟਣ ਵਾਲਿਆਂ ਨੂੰ ਜਥੇਬੰਦ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਫਸੋਸ ਹੈ ਕਿ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਸਭ ਤੋਂ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਧਰਮ ਯੁੱਧ ਛੇੜਨ ਅਤੇ ਸ਼ਹੀਦੀ ਪਾਉਣ ਵਾਲੇ ਬਾਬਾ ਮਹਾਰਾਜ ਸਿੰਘ ਨੂੰ ਕੌਮੀ ਪੱਧਰ ’ਤੇ ਤਕਰੀਬਨ ਭੁਲਾ ਹੀ ਦਿੱਤਾ, ਜਦਕਿ ਫਿਰੰਗੀਆਂ ਖਿਲਾਫ਼ ਉਨ੍ਹਾਂ ਨੇ ਫੈਸਲਾਕੁੰਨ ਸਘਰਸ਼ ਕੀਤਾ ਅਤੇ ਆਖਰੀ ਸਾਹਾਂ ਤੱਕ ਦ੍ਰਿੜ ਇਰਾਦੇ ਨਾਲ ਮੁਕਾਬਲਾ ਕੀਤਾ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਰਾਹਾਂ ਦੇ ਪਾਧੀ ਬਣੀਏ ਅਤੇ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਮਹਾਨ ਸ਼ਹੀਦ ਭਾਈ ਮਹਾਰਾਜ ਸਿੰਘ ਦੇ ਨਾਲ ਅਨੇਕਾਂ ਅਣਗਣਿਤ ਅਜ਼ਾਦੀ ਦੇ ਪਰਵਾਨਿਆਂ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਭੁਚੰਗੀਆਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।