ਅਮਰੀਕਾ ਵਿਚ ਯੂ.ਐੱਨ. ਮੁੱਖ ਦਫ਼ਤਰ ਬਾਹਰ ਵਿਅਕਤੀ ਨੇ ਖੁਦ ਨੂੰ ਜਲਾਇਆ
ਨਿਊਯਾਰਕ, 03 ਜੁਲਾਈ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਿਤ ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਮੁੱਖ ਦਫ਼ਤਰ ਬਾਹਰ ਅੱਜ ਇਕ ਵਿਅਕਤੀ ਨੇ ਅਚਾਨਕ ਆਪਣੇ ਆਪ ਨੂੰ ਜਲਾ ਲਿਆ, ਜਿਸ ਕਾਰਨ ਹਸਪਤਾਲ ਲਿਜਾਣ ਦੌਰਾਨ ਉਸਨੇ ਉੱਥੇ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਇਕ 52 ਸਾਲਾ ਵਿਅਕਤੀ ਨੇ ਆਪਣੇ ਉੱਪਰ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾ ਲਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਉਕਤ ਵਿਅਕਤੀ ਨੇ ਬੋਧੀ ਭਿਕਸ਼ੂ ਵਰਗਾ ਪਹਿਰਾਵਾ ਪਾਇਆ ਹੋਇਆ ਸੀ। ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਯੂ.ਐੱਨ. ਕੰਪਲੈਕਸ ਦੇ ਬਾਹਰ ਫੁੱਟਪਾਥ ‘ਤੇ ਤਿੱਬਤੀ ਝੰਡਾ ਵਿਛਾਇਆ ਅਤੇ ਫਿਰ ਆਪਣੇ ਆਪ ਨੂੰ ਜਲਣਸ਼ੀਲ ਤਰਲ ਨਾਲ ਭਿੱਜ ਕੇ ਅੱਗ ਦੇ ਹਵਾਲੇ ਕਰ ਦਿੱਤਾ।
ਘਟਨਾ ਮਗਰੋਂ ਪੁਲਿਸ ਨੇ ਮੌਕੇ ਤੋਂ ਕੁਝ ਪਰਚੇ ਵੀ ਬਰਾਮਦ ਕੀਤੇ, ਜਿਨ੍ਹਾਂ ‘ਤੇ “ਚੀਨ ਨੂੰ ਤਿੱਬਤ ਤੋਂ ਬਾਹਰ ਕੱਢੋ” ਵਰਗੇ ਨਾਅਰੇ ਲਿਖੇ ਹੋਏ ਸਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਕਾਰਵਾਈ ਸੰਭਾਵਤ ਤੌਰ ‘ਤੇ ਤਿੱਬਤ ਨਾਲ ਜੁੜੇ ਮਸਲੇ ਦੇ ਵਿਰੋਧ ਵਜੋਂ ਕੀਤੀ ਗਈ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ਦੇ ਅਸਲ ਕਾਰਨਾਂ ਜਾਂ ਮਕਸਦ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਜਾਂਚ ਜਾਰੀ ਹੈ।