ਪ੍ਰੋ. ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ
ਪਟਿਆਲਾ 10 ਜੂਨ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਆਦੇਸ਼ ਕੀਤਾ ਜਾਵੇ।
ਪ੍ਰੋ. ਬਡੂੰਗਰ ਨੇ ਆਪਣੇ ਪੱਤਰ ਵਿਚ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸਿੱਖ ਸੰਗਤਾਂ ਦਾ ਜੱਥਾ ਪਾਕਿਸਤਾਨ ਭੇਜਣ ਦੇ ਆਦੇਸ਼ ਕੀਤੇ ਹਨ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ, ਉਥੇ ਹੀ ਆਪ ਜੀ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੇ ਆਦੇਸ਼ ਕੀਤੇ ਜਾਣ।
ਪ੍ਰੋ. ਬਡੂੰਗਰ ਨੇ ਕਿਹਾ ਕਿ ਆਪ ਜੀ ਵੱਲੋਂ ਜਾਰੀ ਕੀਤੇ ਆਦੇਸ਼ ਨਾਲ ਖਾਲਸਾ ਪੰਥ ਅੰਦਰ ਪਿਛਲੇ 14 ਸਾਲਾਂ ਤੋਂ ਹੋਏ ਭੰਬਲ-ਭੂਸੇ ਨੂੰ ਖਤਮ ਕਰਕੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਪੂਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕਲੰਡਰ ਦਾਸ ਨੇ ਸਿੱਖ ਵਿਦਵਾਨਾਂ, ਸੇਵਾ ਸੁਸਾਇਟੀਆਂ ਅਤੇ ਪੰਥਕ ਸੰਸਥਾਵਾਂ ਨਾਲ ਨਿਸ਼ਚਿੱਤ ਹਿੱਤ ਵਿਚਾਰ ਵਟਾਂਦਰੇ ਬਾਅਦ 30 ਮਾਰਚ 2003 ਦੇ ਸ਼੍ਰੋਮਣੀ ਗੁ.ਪ੍ਰ.ਕਮੇਟੀ ਦੀ ਜਨਰਲ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਪਾਸ ਕਰਾਉਣ ਉਪਰੰਤ 14 ਅਪ੍ਰੈਲ 2003 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ਾਲ ਇਕੱਤਰਤਾ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਲਾਗੂ ਕੀਤਾ ਗਿਆ ਸੀ, ਪ੍ਰੰਤੂ ਬਦਕਿਸਮਤੀ ਨਾਲ ਕੁਝ ਵਿਸ਼ੇਸ ਕਾਰਨਾਂ ਕਰਕੇ 14 ਸਾਲ ਪਹਿਲਾਂ ਕਲੰਡਰ ਨੂੰ ਰੱਦ ਕਰਕੇ ਪੰਥ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਸੀ ਅਤੇ ਆਪ ਜੀ ਦੇ ਆਦੇਸ਼ ਨਾਲ ਉਹ ਧੱਕਾ ਹਟ ਗਿਆ।
ਪ੍ਰੋ. ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁ.ਪ੍ਰ.ਕਮੇਟੀ ਨੂੰ ਆਦੇਸ਼ ਦੇ ਕੇ ਪੱਕੇ ਤੌਰ ਉੱਤੇ ਮੂਲ ਨਾਨਕਸ਼ਾਹੀ ਕਲੰਡਰ ਲਾਗੂ ਕਰਵਾਉਣ ਦਾ ਉਦਮ ਕਰਨਾ ਚਾਹੀਦਾ ਹੈ।