ਆਂਗਣਵਾੜੀ ਵਰਕਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਮਾਨ ਸਰਕਾਰ ਵਚਨਬੱਧ; ਮੇਅਰ ਕੁੰਦਨ ਗੋਗੀਆ
ਪਟਿਆਲਾ, 15 ਮਈ – ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਮੇਅਰ ਦਫ਼ਤਰ ਵਿਖੇ ਸ਼ਹਿਰ ਦੀਆਂ ਆਂਗਣਵਾੜੀ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੇਅਰ ਗੋਗੀਆ ਨੇ ਵਰਕਰ ਭੈਣਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਮਹਿਲਾ ਵਿੰਗ ਜੋਨ ਇੰਚਾਰਜ ਵੀਰਪਾਲ ਕੌਰ ਚਹਿਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਆਂਗਣਵਾੜੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਵਰਕਰ ਸਮਾਜ ਦੇ ਸਭ ਤੋਂ ਅਹਿਮ ਹਿੱਸੇ, ਯਾਨੀ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਤੇ ਸਿੱਖਿਆ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ, “ਸਾਡੀ ਸਰਕਾਰ ਅਤੇ ਨਗਰ ਨਿਗਮ ਦਾ ਮਕਸਦ ਹਰ ਉਸ ਵਿਅਕਤੀ ਦੀ ਮਦਦ ਕਰਨਾ ਹੈ ਜੋ ਜ਼ਮੀਨੀ ਪੱਧਰ ‘ਤੇ ਲੋਕ ਸੇਵਾ ਕਰ ਰਿਹਾ ਹੈ। ਆਂਗਣਵਾੜੀ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ।”
ਮੇਅਰ ਨੇ ਕਿਹਾ ਕਿ ਮਹਿਲਾ ਸ਼ਕਤੀ ਸਮਾਜ ਦੀ ਨੀਂਹ ਹੈ ਅਤੇ ਜੇਕਰ ਉਹ ਆਪਣੇ ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਅਤੇ ਸਹੂਲਤਾਂ ਨਾਲ ਲੈਸ ਹੋਣਗੀਆਂ, ਤਾਂ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਵਰਕਰ ਨੂੰ ਆਪਣੀ ਡਿਊਟੀ ਨਿਭਾਉਣ ਦੌਰਾਨ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਆਂਗਣਵਾੜੀ ਪ੍ਰਧਾਨ ਅੰਗਰੇਜ਼ ਕੌਰ, ਅਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਆਸ਼ਾ ਰਾਣੀ, ਹਰਜੀਤ ਕੌਰ, ਸੋਨੂੰ ਬਾਲਾ ਅਤੇ ਮਨਪ੍ਰੀਤ ਕੌਰ ਸਮੇਤ ਹੋਰ ਵਰਕਰਾਂ ਨੇ ਮੇਅਰ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੇਅਰ ਕੁੰਦਨ ਗੋਗੀਆ ਦੇ ਹਾਂ-ਪੱਖੀ ਹੁੰਗਾਰੇ ‘ਤੇ ਵਰਕਰ ਭੈਣਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਹੁਣ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਦਾ ਜਲਦੀ ਨਿਪਟਾਰਾ ਹੋਵੇਗਾ, ਜਿਸ ਨਾਲ ਉਹ ਆਪਣੀਆਂ ਸੇਵਾਵਾਂ ਹੋਰ ਵੀ ਵਧੀਆ ਤਰੀਕੇ ਨਾਲ ਦੇ ਸਕਣਗੀਆਂ।