ਜਨਗਣਨਾ ਦਾ ਦੂਜਾ ਮੁੱਖ ਫੇਸ 01 ਦਸੰਬਰ ਤੋਂ 04 ਜਨਵਰੀ 2027 ਤੱਕ ਚੱਲੇਗਾ
ਪਟਿਆਲਾ, 30 ਸਤੰਬਰ : ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ 3 ਦਿਨਾਂ ਟ੍ਰੇਨਿੰਗ ਵਰਕਸ਼ਾਪ ਅੱਜ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ। ਇਹ ਵਰਕਸ਼ਾਪ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ, ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਤੇ ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਦਫ਼ਤਰ ਨਗਰ ਨਿਗਮ ਵਿਖੇ ਕਰਵਾਈ ਗਈ।
ਸੈਂਸਜ ਨੋਡਲ ਅਫਸਰ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜਿਲ੍ਹਾ ਸੈਂਸਜ ਅਫਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਸੈਂਸਜ ਵਿਭਾਗ ਦੇ ਦਿਸ਼-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਵਿੱਚ ਕੁੱਲ 72 ਫੀਲਡ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 58 ਫੀਲਡ ਟ੍ਰੇਨਰ ਡਿਪਟੀ ਕਮਿਸਨਰ ਵੱਲੋਂ ਅਤੇ 14 ਫੀਲਡ ਟ੍ਰੇਨਰ ਕਮਿਸ਼ਨਰ ਨਗਰ ਨਿਗਮ ਵੱਲੋਂ ਤਾਇਨਾਤ ਕੀਤੇ ਗਏ ਹਨ। ਟ੍ਰੇਨਿੰਗ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਫੀਲਡ ਟ੍ਰੇਨਰਾਂ ਨੂੰ 36-36 ਦੇ ਦੋ ਬੈਚਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚੋ ਦੂਜੇ ਬੈਚ ਦੀ 3-ਦਿਨਾਂ ਟ੍ਰੇਨਿੰਗ ਅੱਜ (28 ਸਤੰਬਰ ਤੋਂ 30 ਸਤੰਬਰ) ਸਫਲਤਾਪੂਰਵਕ ਸਮਾਪਤ ਹੋ ਗਈ ਹੈ।
ਇਸ ਵਰਕਸ਼ਾਪ ਦੌਰਾਨ ਜਨਗਣਨਾ ਵਿਭਾਗ ਦੇ ਮਾਸਟਰ ਟ੍ਰੇਨਰਾਂ—ਨਿਸ਼ੂ ਸ਼ਰਮਾ (ਸੀਨੀਅਰ ਸਿਸਟਮ ਐਨਾਲਿਸਟ, ਪੰਜਾਬੀ ਯੂਨੀਵਰਸਿਟੀ), ਦੌਲਤ ਰਾਮ (ਲੈਕਚਰਾਰ, ਪੀ.ਐਮ. ਸ਼੍ਰੀ ਸਰਕਾਰੀ ਸੀਨੀ. ਸੈਕੰ. ਸਕੂਲ, ਘਨੌਰ) ਅਤੇ ਅਮਨ ਕੁਮਾਰ (ਜਿਲ੍ਹਾ ਕੁਆਡੀਨੇਟਰ, ਸੈਂਸਜ ਓਪਰੇਸ਼ਨ ਵਿਭਾਗ ਪੰਜਾਬ, ਚੰਡੀਗੜ੍ਹ) ਵੱਲੋਂ ਫੀਲਡ ਟ੍ਰੇਨਰਾਂ ਨੂੰ ਆਬਾਦੀ ਗਣਨਾ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ, ਪ੍ਰੈਕਟੀਕਲ ਡੈਮੋ ਅਤੇ ਫੀਲਡ ਵਿੱਚ ਟੀਮਾਂ ਬਣਾ ਕੇ ਵਿਸਥਾਰਪੂਰਵਕ ਅਭਿਆਸ ਕਰਵਾਇਆ ਗਿਆ। ਇਹ ਫੀਲਡ ਟ੍ਰੇਨਰ ਹੁਣ ਅੱਗੇ ਤਹਿਸੀਲ ਅਤੇ ਚਾਰਜ ਪੱਧਰ ‘ਤੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ (ਇਨੁਮੀਰੇਟਰਾਂ) ਨੂੰ ਸਿਖਲਾਈ ਦੇਣਗੇ।
ਇਸ ਤੋਂ ਬਾਅਦ, ਜਨਗਣਨਾ ਦਾ ਦੂਜਾ ਮੁੱਖ ਫੇਸ 01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਚੱਲੇਗਾ, ਜਿਸ ਵਿੱਚ ਸਰਕਾਰੀ ਗਿਣਤੀਕਾਰ (ਇਨੁਮੀਰੇਟਰ) ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਨਾਗਰਿਕਾਂ ਨੂੰ ਇਸ ਰਾਸ਼ਟਰੀ ਕਾਰਜ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਵਰਕਸ਼ਾਪ ਵਿੱਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ, ਸੁਪਰਡੰਟ ਵਿਸ਼ਾਲ ਸਿਆਲ, ਸੈਂਸਸ ਸੈੱਲ ਟੀਮ ਨਰਿੰਦਰ ਕੁਮਾਰ, ਇੰਵੈਸਟੀਗੇਟਰ ਬਿਕਰਮਜੀਤ ਸਿੰਘ, ਕੁਲਇੰਦਰਜੀਤ ਸਿੰਘ ਤੇ ਹੇਮੰਤ ਕੁਮਾਰ ਸਮੇਤ ਸਮੂਹ ਫੀਲਡ ਟ੍ਰੇਰਨਾਂ ਨੇ ਸ਼ਮੂਲੀਅਤ ਕੀਤੀ।