ਬਿੱਲੀ ਦੀ ਮੌਤ ਦੇ ਗਮ ਵਿਚ ਤੀਸਰੇ ਦਿਨ ਬਿੱਲੀ ਦੀ ਮਾਲਕ ਨੇ ਕੀਤੀ ਖੁਦਕੁਸ਼ੀ

ਬਿੱਲੀ ਦੀ ਮੌਤ ਦੇ ਗਮ ਵਿਚ ਤੀਸਰੇ ਦਿਨ ਬਿੱਲੀ ਦੀ ਮਾਲਕ ਨੇ ਕੀਤੀ ਖੁਦਕੁਸ਼ੀ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜਿ਼ਲਾ ਅਮਰੋਹਾ ਦੇ ਹਸਨਪੁਰ ਥਾਣਾ ਖੇਤਰ ਦੇ ਮੁਹੱਲਾ ਰਹਿਰਾ ਰੋਡ ਵਿਖੇ ਇਕ ਪਾਲਤੂ ਬਿੱਲੀ ਦੀ ਮੌਤ ਹੋ ਜਾਣ ਤੇ ਵੀ ਤਿੰਨਾਂ ਦਿਨਾਂ ਤੱਕ ਉਸਦੀ ਲਾਸ਼ ਨੂੰ ਆਪਣੇ ਕੋਲ ਰੱਖਣ ਵਾਲੀ ਬਿੱਲੀ ਦੀ ਮਾਲਕਣ ਨੇ ਅਖੀਰਕਾਰ ਤੀਸਰੇ ਦਿਨ ਖੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਬਿੱਲੀ ਦੀ ਮਾਲਕਣ 32 ਸਾਲਾ ਪੂਜਾ ਨੇ ਬਿੱਲੀ ਦੀ ਮੌਤ ਤੋਂ ਬਾਅਦ ਵੀ ਉਸਦੀ ਲਾਸ਼ ਨੂੰ ਆਪਣੇ ਕੋਲ ਇਸ ਲਈ ਰੱਖੀ ਰੱਖਿਆ ਕਿ ਕਿਤੇ ਉਹ ਜਿਊਂਦੀ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਤੇ ਪੂਜਾ ਨੇ ਵੀ ਬਿੱਲੀ ਦੇ ਜਿਊਂਦਾ ਨਾ ਹੋਣ ਤੇ ਖੁਦਕੁਸ਼ੀ ਕਰ ਲਈ ।
ਬਿੱਲੀ ਦੀ ਮੌਤ ਦੇ ਗਮ ਵਿਚ ਮਹਿਲਾ ਵਲੋਂ ਵੀ ਖੁਦਕੁਸ਼ੀ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ । ਲਗਭਗ ਅੱਠ ਸਾਲ ਪਹਿਲਾਂ ਪੂਜਾ ਦਾ ਵਿਆਹ ਦਿੱਲੀ ਦੇ ਇੱਕ ਵਿਅਕਤੀ ਨਾਲ ਹੋਇਆ ਸੀ । ਹਾਲਾਂਕਿ ਵਿਆਹ ਤੋਂ ਸਿਰਫ਼ ਦੋ ਸਾਲਾਂ ਬਾਅਦ ਤਲਾਕ ਹੋ ਗਿਆ ਅਤੇ ਉਦੋਂ ਤੋਂ ਉਹ ਆਪਣੀ ਮਾਂ ਗਜਰਾ ਦੇਵੀ ਨਾਲ ਆਪਣੇ ਪੇਕੇ ਘਰ ਰਹਿ ਰਹੀ ਸੀ । ਇਕੱਲੇਪਣ ਨਾਲ ਨਜਿੱਠਣ ਲਈ ਪੂਜਾ ਨੇ ਇੱਕ ਬਿੱਲੀ ਪਾਲ ਲਈ, ਜਿਸਦੀ ਵੀਰਵਾਰ ਨੂੰ ਮੌਤ ਹੋ ਗਈ, ਜਦੋਂ ਉਸਦੀ ਮਾਂ ਨੇ ਮਰੀ ਹੋਈ ਬਿੱਲੀ ਨੂੰ ਦਫ਼ਨਾਉਣ ਦਾ ਸੁਝਾਅ ਦਿੱਤਾ ਤਾਂ ਪੂਜਾ ਨੇ ਇਨਕਾਰ ਕਰ ਦਿੱਤਾ । ਉਸਨੇ ਜ਼ੋਰ ਦੇ ਕੇ ਕਿਹਾ ਕਿ ਬਿੱਲੀ ਦੁਬਾਰਾ ਜਿਊਂਦੀ ਹੋ ਜਾਵੇਗੀ । ਪੂਜਾ ਦੋ ਦਿਨਾਂ ਤੱਕ ਬਿੱਲੀ ਦੇ ਮ੍ਰਿਤਕ ਸਰੀਰ ਨਾਲ ਚਿੰਬੜੀ ਰਹੀ, ਉਸਨੂੰ ਛੱਡਣ ਲਈ ਤਿਆਰ ਨਹੀਂ ਸੀ । ਉਸਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸਨੂੰ ਦਫ਼ਨਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੀ ਰਹੀ ।
