ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾ

ਚੰਡੀਗੜ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਬਣੀ ਭਰਤੀ ਕਮੇਟੀ ਵੱਲੋਂ ਜਾਰੀ ਭਰਤੀ ਮੁਹਿੰਮ ਦਾ ਅੱਜ ਇੱਕ ਮਹੀਨਾ ਪੂਰਾ ਹੋਇਆ। ਪੰਜਾਬੀਆਂ ਤੋਂ ਮਿਲੇ ਵੱਡੇ ਜਨ ਸਮਰਥਨ ਤੇ ਭਰਤੀ ਕਮੇਟੀ ਮੈਬਰਾਂ ਨੇ ਕਿਹਾ ‘ ਧੰਨਵਾਦ ਪੰਥ ਅਤੇ ਪੰਜਾਬ ਦੇ ਰਾਖਿਓ’
ਭਰਤੀ ਮੁਹਿੰਮ ਦੇ ਇੱਕ ਮਹੀਨਾ ਪੂਰਾ ਹੋਣ ਤੇ ਭਰਤੀ ਕਮੇਟੀ ਮੈਬਰਾਂ ਵੱਲੋ ਸਮੀਖਿਆ ਇਕੱਤਰਤਾ ਕੀਤੀ ਗਈ
ਭਰਤੀ ਮੁਹਿੰਮ ਦੇ ਇੱਕ ਮਹੀਨਾ ਪੂਰਾ ਹੋਣ ਤੇ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਵੱਲੋ ਸਮੀਖਿਆ ਇਕੱਤਰਤਾ ਕੀਤੀ ਗਈ । ਭਰਤੀ ਦੇ ਇੱਕ ਮਹੀਨੇ ਦੌਰਾਨ ਮਿਲੇ ਜਨ ਸਮਰਥਨ ‘ਤੇ ਮੈਬਰਾਂ ਨੇ ਸੰਤੁਸ਼ਟੀ ਜਾਹਿਰ ਕੀਤੀ ।ਭਰਤੀ ਕੰਮ ਦੀ ਸਮੀਖਿਆ ਦੇ ਨਾਲ਼-ਨਾਲ ਹਾੜੀ ਸੀਜਨ ਵਿਚਾਲੇ ਦਿਹਾਤੀ ਖੇਤਰਾਂ ਵਿੱਚ ਜਾਰੀ ਕਿਸਾਨ ਭਰਾਵਾਂ ਦੇ ਕੰਮ ਕਾਜ ਨੂੰ ਵੇਖਦਿਆਂ ਆਉਣ ਵਾਲੇ ਕੁਝ ਦਿਨ ਸ਼ਹਿਰੀ ਖੇਤਰਾਂ ਵਿੱਚ ਭਰਤੀ ਮੁਹਿੰਮ ਨੂੰ ਤੇਜ ਕਰਨ ਲਈ ਪ੍ਰੋਗਰਾਮ ਉਲੀਕੇ ਗਏ ।
ਸੀਮਤ ਸਾਧਨਾਂ ਦੇ ਬਾਵਜੂਦ ਤਮਾਮ ਔਕੜਾਂ ਅਤੇ ਸਿਆਸੀ ਹਮਲਿਆਂ ਦੇ ਵਿਚਕਾਰ ਵੱਡੇ ਇਮਤਿਹਾਨ ਦੀ ਘੜੀ ਵਿੱਚ ਉਹ ਸਫਲ ਹੋਏ
ਸਮੀਖਿਆ ਮੀਟਿੰਗ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਤਮਾਮ ਔਕੜਾਂ ਅਤੇ ਸਿਆਸੀ ਹਮਲਿਆਂ ਦੇ ਵਿਚਕਾਰ ਵੱਡੇ ਇਮਤਿਹਾਨ ਦੀ ਘੜੀ ਵਿੱਚ ਉਹ ਸਫਲ ਹੋਏ। ਓਹਨਾ ਨੇ ਕਿਹਾ ਭਰਤੀ ਪੂਰਨ ਪਾਰਦਰਸ਼ਤਾ ਨਾਲ ਜਾਰੀ ਹੈ ਅਤੇ ਪਾਰਦਰਸ਼ਤਾ ਨਾਲ ਹੀ ਨੇਪਰੇ ਚਾੜ੍ਹੀ ਜਾਵੇਗੀ। ਹੁਣ ਤੱਕ ਦਾ ਅੰਕੜਾ ਜਾਰੀ ਕਰਦੇ ਓਹਨਾ ਕਿਹਾ ਕਿ 20 ਲੱਖ 14 ਹਜ਼ਾਰ ਮੈਂਬਰਸ਼ਿਪ ਸਲਿਪ ਜਾਰੀ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਬਣਨ ਵਾਲੇ ਹਰ ਡੈਲੀਗੇਟ ਦੀ ਲਿਸਟ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਂਦਾ ਜਾਵੇਗਾ। ਬਕਾਇਦਗੀ ਨਾਲ ਹਰ ਪਰਚੀ ਤੱਕ ਦੀ ਸਕਰੂਟਨੀ ਹੋਏਗੀ ਤਾਂ ਜੋ ਇੱਕ ਵੀ ਮੈਬਰ ਫਰਜੀ ਅਤੇ ਬਗੈਰ ਅਧਾਰ ਕਾਰਡ ਨੰਬਰ ਦਿੱਤੇ ਮੈਂਬਰ ਨਾ ਬਣ ਸਕੇ ।
ਅਕਾਲੀ ਸੋਚ ਦੇ ਪ੍ਰਪੱਕ ਹਰ ਸਖ਼ਸ਼ ਦਾ ਨਿੱਜ ਪ੍ਰਸਤ, ਮੌਕਾਪ੍ਰਸਤ ਸਿਆਸਤ ਤੋਂ ਉਪਰ ਉੱਠ ਕੇ ਭਰਤੀ ਮੁਹਿੰਮ ਵਿੱਚ ਸਵਾਗਤ ਹੋਵੇਗਾ
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਅਕਾਲੀ ਸੋਚ ਦੇ ਪ੍ਰਪੱਕ ਹਰ ਸਖ਼ਸ਼ ਦਾ ਨਿੱਜ ਪ੍ਰਸਤ, ਮੌਕਾਪ੍ਰਸਤ ਸਿਆਸਤ ਤੋਂ ਉਪਰ ਉੱਠ ਕੇ ਭਰਤੀ ਮੁਹਿੰਮ ਵਿੱਚ ਸਵਾਗਤ ਹੋਵੇਗਾ। ਭਰਤੀ ਕਮੇਟੀ ਮੈਂਬਰ ਕਿਸੇ ਵੀ ਵਾਦ ਵਿਵਾਦ ਵਾਲੀ ਅਤੇ ਕੂੜ ਪ੍ਰਚਾਰ ਵਾਲੀ ਬਿਆਨ ਬਾਜ਼ੀ ਵਿੱਚ ਵਿਸ਼ਵਾਸ ਨਹੀ ਰੱਖਦੇ। ਓਹਨਾ ਦੇ ਕਾਰਜ ਖੇਤਰ ਨੂੰ ਲੈਕੇ ਉੱਠਣ ਵਾਲੇ ਹਰ ਸਵਾਲ ਦਾ ਜਵਾਬ ਸਨਮਾਨ ਜਨਕ ਸ਼ਬਦਾਂ ਵਿੱਚ ਦਿੱਤਾ ਜਾਵੇਗਾ। ਕਮੇਟੀ ਮੈਂਬਰ ਆਪਣੇ ਵਿਰੋਧੀਆਂ ਤੋਂ ਵੀ ਇਹੀ ਆਸ ਰੱਖਦੇ ਹਨ ਓਹ ਆਪਣੇ ਜਰੂਰੀ ਸੁਝਾਅ ਅਤੇ ਤੌਖਲੇ ਏਸੇ ਰੂਪ ਵਿੱਚ ਸਾਂਝਾ ਕਰਨਗੇ,ਕਿਉਂਕਿ ਸਾਡਾ ਸਾਰਿਆਂ ਦਾ ਟੀਚਾ ਅਤੇ ਮਕਸਦ ਪੰਥ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ।
ਲੋਕ ਮਸਲੇ ਜੋ ਕੇਂਦਰ ਸਰਕਾਰ ਜਾਂ ਸੂਬਾ ਰਾਜ ਸਰਕਾਰ ਨਾਲ ਜੁੜੇ ਹਨ
ਲੋਕ ਮਸਲੇ ਜੋ ਕੇਂਦਰ ਸਰਕਾਰ ਜਾਂ ਸੂਬਾ ਰਾਜ ਸਰਕਾਰ ਨਾਲ ਜੁੜੇ ਹਨ ਓਹਨਾ ਬਾਰੇ ਵੀ ਆਉਣ ਵਾਲੇ ਸਮੇਂ ਵਿੱਚ ਸੰਗਤ ਨਾਲ ਸਲਾਹ ਮਸ਼ਵਰੇ ਤੋ ਬਾਅਦ ਢੁੱਕਵਾਂ ਪ੍ਰੋਗਰਾਮ ਦਿੱਤਾ ਜਾਵੇਗਾ । ਅਮਨ-ਕਾਨੂੰਨ ਦੇ ਮਾਮਲੇ ਨੂੰ ਪੰਜਾਬ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਨਜਿੱਠਣਾ ਚਾਹੀਦਾ ਹੈ । ਅੱਜ ਕਿਸਾਨ,ਮਜਦੂਰ, ਵਪਾਰੀ, ਮੁਲਾਜ਼ਮ ਸਮੇਤ ਹਰ ਵਰਗ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਪ੍ਰਤੀ ਟੁੱਟੇ ਵਿਸ਼ਵਾਸ ਦੇ ਚਲਦੇ ਬਹੁਤ ਨੂੰ ਅਸਹਿਜ ਵਾਲਾ ਮਾਹੌਲ ਪੈਦਾ ਹੋ ਚੁੱਕਾ ਹੈ । ਅੱਜ ਜਵਾਬਦੇਹੀ ਦੀ ਬਜਾਏ ਗੈਰ ਜਿੰਮੇਵਾਰਨਾ ਰਵਈਆ ਜਿਹੜਾ ਕਿ ਦੋਹਾਂ ਸਰਕਾਰਾਂ ਨੇ ਅਪਣਾਇਆ ਹੋਇਆ ਹੈ ਉਹ ਸੂਬੇ ਲਈ ਠੀਕ ਨਹੀਂ ਹੈ ।
ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਦੀਆਂ ਕੁਝ ਸ਼ਹਿਰੀ ਮੀਟਿੰਗਾਂ ਹੇਠ ਲਿਖੇ ਅਨੁਸਾਰ ਹਨ
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਜਲੰਧਰ ਸ਼ਹਿਰ ਵਿੱਚ ਅਤੇ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਵਾਂਸ਼ਹਿ ਸਹਿਰ ਵਿੱਚ ਜਾਣਗੇ । ਜੱਥੇਦਾਰ ਇਕਬਾਲ ਸਿੰਘ ਝੂੰਦਾਂ 27 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਵਿੱਚ ਰੱਖੇ ਭਰਤੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ। ਅਪ੍ਰੈਲ ਮਹੀਨੇ ਦੇ ਅਖੀਰ ਤੱਕ ਸਾਰੇ ਵੱਡੇ ਸ਼ਹਿਰਾਂ ਵਿੱਚ ਭਰਤੀ ਮੁਹਿੰਮ ਨੂੰ ਲੈਕੇ ਪ੍ਰੋਗਰਾਮ ਪੂਰੇ ਕੀਤੇ ਜਾਣਗੇ। ਲੁਧਿਆਣਾ, ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਪ੍ਰੋਗਰਾਮ ਜਲਦੀ ਜਾਰੀ ਕੀਤਾ ਜਾਵੇਗਾ । ਇਸ ਮੌਕੇ ਭਰਤੀ ਕਮੇਟੀ ਮੈਬਰਾਂ ਨੇ ਸਮੂਹ ਪੰਥ ਦਰਦੀਆਂ, ਪੰਜਾਬ ਹਿਤੈਸ਼ੀਆਂ ਅਤੇ ਕਿਸੇ ਨਾ ਕਿਸੇ ਕਾਰਨ ਕਰਕੇ ਪਾਰਟੀ ਤੋਂ ਵੱਖ ਹੋਏ ਵਰਕਰਾਂ ਅਤੇ ਆਗੂਆਂ ਨੂੰ ਬੇਨਤੀ ਕੀਤੀ ਕਿ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਹੇਠ ਜਾਰੀ ਭਰਤੀ ਮੁਹਿੰਮ ਨਾਲ ਜੁੜਨ ਅਤੇ ਪੰਥਕ ਕਾਫਲੇ ਦਾ ਹਿੱਸਾ ਬਣਨ ।
