ਭਾਸ਼ਾ ਵਿਭਾਗ, ਪੰਜਾਬ ਵੱਡੇ ਪੱਧਰ ਤੇ ਮਨਾਏਗਾ ਕੌਮਾਂਤਰੀ ਮਾਤ-ਭਾਸ਼ਾ ਦਿਵਸ
ਭਾਸ਼ਾ ਵਿਭਾਗ ਪੰਜਾਬ ਵੱਡੇ ਪੱਧਰ ਤੇ ਮਨਾਏਗਾ ਕੌਮਾਂਤਰੀ ਮਾਤ-ਭਾਸ਼ਾ ਦਿਵਸ
ਪਟਿਆਲਾ, 18 ਫਰਵਰੀ : ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਬੰਧੀ ਚਾਰ ਸਮਾਗਮ ਕਰਵਾਏ ਜਾਣਗੇ । ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ 18 ਤੋਂ 22 ਫਰਵਰੀ ਤੱਕ ਹੋਣ ਵਾਲੇ ਪੰਜ ਰੋਜ਼ਾ ਸਾਹਿਤ ਉਤਸਵ ਦੌਰਾਨ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਖੁੱਲ੍ਹੇ ਪੰਡਾਲ ਵਿੱਚ ਵੱਖ-ਵੱਖ ਵੰਨਗੀਆਂ ਦੇ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਦੀ ਸ਼ੁਰੂਆਤ 19 ਫਰਵਰੀ ਨੂੰ ਸ਼ਾਮ ਪੰਜ ਵਜੇ ਉਸਤਾਦ ਨੀਲੇ ਖਾਂ ਗਜ਼ਲ, ਕਵਾਲੀ ਅਤੇ ਸਾਹਿਤਕ ਗੀਤਾਂ ਨਾਲ ਕਰਨਗੇ । ਅਗਲੇ ਦਿਨ 20 ਫਰਵਰੀ ਨੂੰ ਉੱਘੇ ਸੂਫੀ ਗਾਇਕ ਬੀਰ ਸਿੰਘ 3 ਵਜੇ ਬਾਅਦ ਦੁਪਹਿਰ ਸੱਭਿਅਕ ਗਾਇਕੀ ਦੇ ਰੰਗ ਬਖੇਰਨਗੇ । 21 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਹਾਸ ਰਸ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬੀ ਦੀਆਂ ਵੱਖ-ਵੱਖ ਉਪ-ਭਾਸ਼ਾਵਾਂ ਤੇ ਹਿੰਦੀ ਦੇ ਨਾਮਵਰ ਕਵੀ ਸ਼ਿਰਕਤ ਕਰਨਗੇ । ਇਸੇ ਦਿਨ ਪੰਜਾਬੀ ਭਾਸ਼ਾ ਦਾ ਭਵਿੱਖ: ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ‘ਤੇ ਹੋਣ ਵਾਲੀ ਗੋਸ਼ਟੀ ਵਿੱਚ ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸਰਬਜੀਤ ਸਿੰਘ ਅਤੇ ਡਾ. ਸਿਕੰਦਰ ਸਿੰਘ ਨਾਲ ਡਾ. ਰਾਜਵਿੰਦਰ ਸਿੰਘ ਸੰਵਾਦ ਰਚਾਉਣਗੇ । ਸ. ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਮਨੋਰਥ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨਾ ਹੈ ਅਤੇ ਮਾਤ ਭਾਸ਼ਾ ਨੂੰ ਸੰਜੀਵ ਰੱਖਣ ਲਈ ਕੀਤੇ ਜਾ ਸਕਦੇ ਉਪਰਾਲਿਆਂ ਸਬੰਧੀ ਜਾਗਰੂਕ ਕਰਨਾ ਹੈ । ਉਨ੍ਹਾਂ ਲੇਖਕਾਂ, ਬੁੱਧੀਜੀਵੀਆਂ ਤੇ ਪੰਜਾਬੀ ਪ੍ਰੇਮੀਆਂ ਨੂੰ ਸਮਾਗਮ ਵਿੱਚ ਵਧ-ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ।