ਪਟਿਆਲਾ ਸ਼ਹਿਰ ਦੇ ਨਾਲ ਨਵਾਂ ਅਰਬਨ ਅਸਟੇਟ ਬਣਾਉਣ ਲਈ ਪੂਡਾ ਵੱਲੋਂ ਯੋਜਨਾ ਤਿਆਰ
ਪਟਿਆਲਾ ਸ਼ਹਿਰ ਦੇ ਨਾਲ ਨਵਾਂ ਅਰਬਨ ਅਸਟੇਟ ਬਣਾਉਣ ਲਈ ਪੂਡਾ ਵੱਲੋਂ ਯੋਜਨਾ ਤਿਆਰ
– 5 ਅਤੇ 6 ਫੇਸ ਬਣਨਗੇ : ਅਧਿਕਾਰੀ ਦੇ ਰਹੇ ਹਨ ਇਸ ਪ੍ਰੋਜੈਕਟ ਨੂੰ ਆਖਰੀ ਰੂਪ
ਪਟਿਆਲਾ, 18 ਫਰਵਰੀ : ਸ਼ਹਿਰ ਪਟਿਆਲਾ ਅਤੇ ਜ਼ਿਲਾ ਪਟਿਆਲਾ ਦੇ ਲੋਕਾਂ ਲਈ ਵੱਡੀ ਰਾਹਤ ਦੀ ਖਬਰ ਹੈ। ਆਪਣੇ ਵਧੀਆ ਘਰ ਬਣਾਉਣ ਲਈ ਪੂਡਾ ਪਟਿਆਲਾ ਵੱਲੋਂ ਨਵਾਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਹੁਣ ਅਰਬਨ ਅਸਟੇਟ ਦੇ 5 ਅਤੇ 6 ਫੇਸ ਹੁਣ ਨਵੇਂ ਤਿਆਰ ਹੋਣਗੇ।
ਪੂਡਾ ਦੇ ਚੀਫ ਐਡਮਨਿਸਟ੍ਰੇਟਰ ਅਤੇ ਆਈ.ਏ.ਐਸ. ਅਧਿਕਾਰੀ ਗੌਤਮ ਜੈਨ ਨੇ ਜਗ ਬਾਣੀ ਨਾਲ ਗੱਨਬਾਤ ਕਰਦਿਆਂ ਦੱਸਿਆ ਕਿ ਅਸੀਂ ਪਟਿਆਲਾ ਨੂੰ ਸੁੰਦਰ ਅਤੇ ਵਧੀਆ ਬਣਾਉਣ ਲਈ ਵਚਨਬੱਧ ਹਾਂ। ਇਸਦੇ ਨਾਲ ਹੀ ਸਾਡੀ ਕੋਸ਼ਿਸ਼ ਹੈ ਕਿ ਘੱਟ ਰੇਟਾਂ ‘ਤੇ ਲੋਕਾਂ ਨੂੰ ਵਧੀਆ ਰੈਣ ਬਸੇਰੇ ਤਿਆਰ ਮਿਲਣ। ਉਨ੍ਹਾਂ ਆਖਿਆ ਕਿ ਅਰਬਨ ਅਸਟੇਟ ਦਾ ਨਵਾਂ 5 ਅਤੇ 6 ਫੇਸ ਦੀ ਪ੍ਰਪੋਜਲ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ। ਜਿੱਥੇ ਪਲਾਟਾਂ ਦੀ ਰੇਸ਼ੋ 12 ਹਜਾਰ ਤੋਂ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਆਮ ਲੋਕ ਵੀ ਇੱਥੇ ਆਪਣੇ ਵਧੀਆ ਆਸ਼ੀਆਨੇ ਬਣਾ ਸਕਣ।
– ਪੂਡਾ ਵੱਲੋਂ ਖਰੀਦੀਆਂ ਪ੍ਰਾਪਰਟੀਆਂ ਵਾਜਿਬ ਰੇਟ ‘ਤੇ ਲੋਕਾਂ ਨੂੰ ਮਿਲਣਗੀਆਂ
ਗੌਤਮ ਜੈਨ ਨੇ ਦੱਸਿਆ ਕਿ ਪੂਡਾ ਵੱਲੋਂ ਖਰੀਦੀਆਂ ਪ੍ਰਾਪਰਟੀਆਂ ਹੁਣ ਨਵੀਂ ਪਲਾਨਿੰਗ ਤੇ ਸਕੀਮ ਤਹਿਤ ਲੋਕਾਂ ਨੂੰ ਵਾਜਿਬ ਰੇਟ ‘ਤੇ ਮਿਲਣਗੀਆਂ। ਉਨ੍ਹਾਂ ਆਖਿਆ ਕਿ ਪੂਡਾ ਕੋਲ ਬਹੁਤ ਸਾਰੀਆਂ ਪ੍ਰਾਪਰਟੀਆਂ ਵੇਚਣ ਵਾਲੀਆਂ ਪਈਆਂ ਹਨ, ਜਿਨ੍ਹਾਂ ਨੂੰ ਸਹੀ ਰੇਟ ‘ਤੇ ਮੁਹੱਇਆ ਕਰਵਾਇਆ ਜਾਵੇਗਾ ਤਾਂ ਜੋ ਇਸ ਨਾਲ ਪੂਡਾ ਨੂੰ ਵੀ ਪੈਸੇ ਆਉਣ ਤੇ ਆਮ ਲੋਕਾਂ ਨੂੰ ਵੀ ਇਸਦਾ ਫਾਇਦਾ ਮਿਲੇ। ਉਨ੍ਹਾਂ ਆਖਿਆ ਕਿ ਅਸੀਂ ਇਸ ਉਪਰ ਕੰਮ ਕਰ ਰਹੇ ਹਾਂ ਤੇ ਜਲਦ ਹੀ ਇਸਦੇ ਵਧੀਆ ਨਤੀਜੇ ਸਾਹਮਣੇ ਆਉਣਗੇ।
ਚਾਰ ਦਿਨਾਂ ਅੰਦਰ ਕੀਤੀਆਂ 170 ਤੋਂ ਵੱਧ ਲੋਕਾਂ ਦੀਆਂ ਐਨ.ਓ.ਸੀਜ ਜਾਰੀ
ਪੂਡਾ ਦੇ ਚੀਫ ਐਡਮਨਿਸਟ੍ਰੇਟਰ ਅਤੇ ਏਡੀਸੀ ਅਰਬਨ ਗੌਤਮ ਜੈਨ ਨੇ ਦੱਸਿਆ ਕਿ ਪੂਡਾ ਨੇ ਲੋਕਾਂ ਨੂੰ ਰਾਹਤ ਦੇਣ ਲਈ ਐਨ.ਓ.ਸੀ ਮਾਮਲੇ ਵਿੱਚ ਵੱਡੀ ਤੇਜੀ ਲਿਆਂਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ‘ਤੇ ਲੋਕਾਂ ਨੂੰ ਅਸੀਂ ਸਰਕਾਰ ਦੀ ਪਾਲਿਸੀ ਤਹਿਤ ਧੜਾਧੜ ਐਨ.ਓ.ਸੀਜ ਜਾਰੀ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਦਿਨਾਂ ਵਿੱਚ ਹੀ ਪੂਡਾ ਨੇ 170 ਤੋਂ ਵੱਧ ਲੋਕਾਂ ਨੂੰ ਐਨ.ਓ.ਸੀਜ ਜਾਰੀ ਕੀਤੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਾਰੀ ਰਹੇਗੀ।