ਸੰਪਾਦਕੀ
Result You Searched: HARYANA-HIMACHAL

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਰਾਜ ਭਰ 'ਚ ਕੱਢੀ ਜਾ ਰਹੀ "ਪੰਜਾਬ ਬਚਾਓ ਯਾਤਰਾ" ਨਵੇਂ ਸਾਰਥਿਕ ਨਤੀਜੇ ਲੈ ਕੇ ਸਾਹਮਣੇ ਆਵੇਗੀ : ਪ੍ਰੋ. ਬਡੂੰਗਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਰਾਜ ਭਰ 'ਚ ਕੱਢੀ ਜਾ ਰਹੀ "ਪੰਜਾਬ ਬਚਾਓ ਯਾਤਰਾ" ਨਵੇਂ ਸਾਰਥਿਕ ਨਤੀਜੇ ਲੈ ਕੇ ਸਾਹਮਣੇ ਆਵੇਗੀ : ਪ੍ਰੋ. ਬਡੂੰਗਰ ਪਟਿਆਲਾ, 16 ਅਪ੍ਰੈਲ () ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਰਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾ ਰਹੀ "ਪੰਜਾਬ ਬਚਾਓ ਯਾਤਰਾ" ਨਵੇਂ ਸਾਰਥਿਕ ਨਤੀਜੇ ਲੈ ਕੇ ਸਾਹਮਣੇ ਆਵੇਗੀ, ਜਿਸ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਪਸ਼ਟ ਤੌਰ ਤੇ ਦੇਖਣ ਨੂੰ ਮਿਲੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਸ ਉਤਸ਼ਾਹ ਨਾਲ ਪੰਜਾਬ ਦੀ ਜਨਤਾ ਪੰਜਾਬ ਬਚਾਓ ਯਾਤਰਾ ਦੇ ਸੁਆਗਤ ਲਈ ਥਾਂ-ਥਾਂ ਤੇ ਭਰਮੇ ਇਕੱਠਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਸਪਸ਼ਟ ਜਾਪਦਾ ਹੈ ਕਿ ਪੰਜਾਬ ਦਾ ਰੁੱਖ ਹੁਣ ਸ਼੍ਰੋਮਣੀ ਅਕਾਲੀ ਦਲ ਦ ਹੱਕ ਵਿੱਚ ਸਪਸ਼ਟ ਝੂਲਦਾ ਸਾਹਮਣੇ ਆਵੇਗਾ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਹੀ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਨਿਸ਼ਚੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਉਮੀਦਵਾਰਾਂ ਨੂੰ ਪੰਜਾਬ ਨਿਵਾਸੀ ਪੰਜਾਬ ਦੀ ਭਲਾਈ ਖਾਤਰ ਜਰੂਰ ਜੇਤੂ ਕਰਕੇ ਸੇਵਾ ਕਰਨ ਲਈ ਅੱਗੇ ਲਿਆਉਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਕਾਰਨ ਪਾਰਟੀ ਨਾਲੋਂ ਵੱਖ ਹੋਏ ਸੀਨੀਅਰ ਟਕਸਾਲੀ ਅਕਾਲੀਆਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨਾ, ਪਾਰਟੀ ਲਈ ਵੱਡਾ ਸ਼ੁਭ ਸ਼ਗਨ ਹੈ ਅਤੇ ਉਹ ਟਕਸਾਲੀ ਅਕਾਲੀ ਵੀ ਜਰੂਰ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਆਪਣਾ ਅਹਿਮ ਯੋਗਦਾਨ ਅਦਾ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰੇਕ ਹਲਕੇ ਵਿੱਚ ਆਪ ਖੁਦ ਦੌਰਾ ਕਰਕੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਤੋਂ ਜਾਣੂ ਹੋ ਰਹੇ ਹਨ ਤਾਂ ਜੋ ਉਹ ਅਕਾਲੀ ਸਰਕਾਰ ਆਉਣ ਤੇ ਇਹਨਾਂ ਦੁੱਖਾਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰ ਸਕਣ। ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਪਾਰਟੀ ਦਾ ਨੇਤਾ ਹੋਵੇਗਾ ਜੋ ਖੁਦ ਜਨਤਾ ਵਿੱਚ ਜਾ ਕੇ ਵਿਚਰੇ ਅਤੇ ਉਨਾਂ ਦੀਆਂ ਦੁੱਖ ਤਕਲੀਫਾਂ ਤੋਂ ਜਾਣੇ । ਉਹਨਾਂ ਨਾਲ ਹੀ ਕਿਹਾ ਕਿ ਪਿਛਲੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਜਮੀਨ ਨਾਲ ਜੁੜੇ ਹੋਏ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਨਣ ਅਤੇ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਗਰਾਂਟਾਂ ਦੇ ਖੁੱਲੇ ਗੱਫੇ ਬਿਨਾਂ ਕਿਸੇ ਭੇਦ ਭਾਵ ਤੋਂ ਪੰਚਾਇਤਾਂ ਨੂੰ ਦਿੰਦੇ ਰਹੇ ਹਨ ਦੇ ਅਜਿਹੇ ਹੀ ਉਦਮਾ ਕਰਕੇ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰੀਆ, ਮਨਮੋਹਨ ਸਿੰਘ ਮਕਾਰੋਂਪੁਰ, ਗੁਰਦੀਪ ਸਿੰਘ ਨੌਲੱਖਾ, ਸਵਰਨ ਸਿੰਘ ਗੁਪਾਲੋਂ ਅਤੇ ਹੋਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ।
Punjab Bani 16 April,2024
ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ------ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’
ਸੰਗਰੂਰ ਨਕਲੀ ਸ਼ਰਾਬ ਮਾਮਲਾ: ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’ - ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ - ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਾਸਟਰਮਾਈਂਡਜ਼ ਸਥਾਨਕ ਵਸਨੀਕਾਂ ਦਾ ਲੈਂਦੇ ਸਨ ਸਹਾਰਾ - ਪੰਜਾਬ ਪੁਲਿਸ ਨੇ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਕੀਤੀ ਲਾਗੂ , ਜੋ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਹੈ ਸਬੰਧਤ: ਏਡੀਜੀਪੀ- ਕਮ- ਐਸਆਈਟੀ ਮੁਖੀ ਗੁਰਿੰਦਰ ਢਿੱਲੋਂ, ਆਈ.ਪੀ.ਐਸ. - ਪੁਲਿਸ ਟੀਮਾਂ ਨੇ ਨੋਇਡਾ-ਅਧਾਰਤ ਫੈਕਟਰੀ ਤੋਂ ਖਰੀਦੇ ਗਏ ਕੁੱਲ 300 ਲੀਟਰ ਮਿਥੇਨੌਲ ਵਿੱਚੋਂ 200 ਲੀਟਰ ਤੋਂ ਵੱਧ ਕੀਤਾ ਬਰਾਮਦ - ਏਡੀਜੀਪੀ ਗੁਰਿੰਦਰ ਢਿੱਲੋਂ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਗੈਰ-ਅਧਿਕਾਰਤ ਸਰੋਤਾਂ ਤੋਂ ਖਰੀਦੀ ਸ਼ਰਾਬ ਦੇ ਸੇਵਨ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਚੰਡੀਗੜ੍ਹ, 23 ਮਾਰਚ: ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ , ਦਰਅਸਲ ਮਿਥੇਨੌਲ ਸੀ- ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਏ.ਡੀ.ਜੀ.ਪੀ. ਢਿੱਲੋਂ , ਐਸ.ਐਸ.ਪੀ. ਸੰਗਰੂਰ- ਕਮ –ਐਸ.ਆਈ.ਟੀ. ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ- ਦਿੜ੍ਹਬਾ, ਸਿਟੀ ਸੁਨਾਮ ਅਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਦਰਜ ਕਰਕੇ ਨਾਮਜ਼ਦ ਕੀਤੇ 10 ਦੋਸ਼ੀਆਂ ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ । ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ; ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬÇਲੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਂ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸਨੇ ਲੁਧਿਆਣਾ ਤੋ ਮੰਗਵਾਈ ਸੀ। ਉਨ੍ਹਾਂ ਦੱਸਿਆ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਕੋਲ ਇਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਫੈਕਟਰੀਆਂ, ਜਿੱਥੋਂ ਦੋਸ਼ੀਆਂ ਨੇ ਮਿਥੇਨੌਲ ਖਰੀਦਿਆ ਸੀ, ਦੀ ਭੂਮਿਕਾ ਦੀ ਜਾਂਚ ਕਰਨ ਲਈ ਭਾਰਤੀ ਆਈਪੀਸੀ ਦੀ ਧਾਰਾ 120-ਬੀ ਸਾਰੀਆਂ ਐਫਆਈਆਰਜ਼ ਵਿੱਚ ਜੋੜ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਮੁਲਜ਼ਮਾਂ ਨੇ ਕੁੱਲ 300 ਲੀਟਰ ਮਿਥੇਨੌਲ ਕੈਮੀਕਲ ਖਰੀਦਿਆ ਸੀ। ਏਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਤਿੰਨੋਂ ਐਫਆਈਆਰਜ਼ ਵਿੱਚ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਦੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਾ 61-ਏ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਐਸ.ਆਈ.ਟੀ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਸਮੇਂ ਸਿਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਐਸਆਈਟੀ ਮੁਖੀ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਸਰੋਤਾਂ ਤੋਂ ਖਰੀਦੀ ਗਈ ਸ਼ਰਾਬ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ।
Punjab Bani 23 March,2024
ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ
ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ - ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਪੁਲਸ ਦੇ ਜੋਰਦਾਰ ਹਮਲੇ - ਅੱਜ ਫਿਰ ਕਿਸਾਨਾਂ 'ਤੇ ਜੋਰਦਾਰ ਰਬੜ ਦੀ ਗੋਲੀਆਂ ਦੀ ਫਾਇਰਿੰਗ - ਕਿਸਾਨਾਂ ਵੱਲੋਂ ਇਕ ਹੋਰ ਬੈਰੀਗੇਟ ਨੂੰ ਤੋੜਿਆ - ਦੇਰ ਸ਼ਾਮ ਪੰਜਾਬ ਸਰਕਾਰ ਨੇ ਸੱਦੀ ਕਿਸਾਨਾਂ ਦੀ ਮੀਟਿੰਗ ਪਟਿਆਲਾ 14 ਫਰਵਰੀ - ਕਿਸਾਨਾਂ ਵੱਲੋਂ ਅਰੰਭੇ ਸੰਘਰਸ਼ ਕਾਰਨ ਅੱਜ ਦੂਜੇ ਦਿਨ ਵੀ ਪੰਜਾਬ-ਹਰਿਅਣਾ ਸਰਹੱਦ 'ਤੇ ਪੂਰੇ ਦਿਨ ਘਸਮਾਨ ਮਚਿਆ ਰਿਹਾ ਪਰ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰਿਗੇਟਿੰਗ ਕਿਸਾਨਾਂ ਵਲੋਂ ਤੋੜੀ ਨਹੀਂ ਗਈ, ਹਾਲਾਂਕਿ ਕਿਸਾਨ ਆਗੂਆਂ ਨੇ ਬੈਰੀਗੇਟਿੰਗ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ 'ਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਰਬੜ ਦੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਇਕ ਵਾਰ ਫਿਰ ਬੈਰੀਗੇਟਿੰਗ ਤੋਂ ਪਿੱਛੇ ਹਟਣਾ ਪਿਆ। ਅੱਜ ਵੀ ਦੋ ਦਰਜਨ ਤੋਂ ਵੱਧ ਕਿਸਾਨਾਂ ਦੇ ਜਖਮੀ ਹੋਣ ਦੀ ਸੂਚਨਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਇਹ ਸੰਘਰਸ਼ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ ਸੀ। ਇਸ ਵਕਤ ਪੰਜਾਬ-ਹਰਿਆਣਾ ਬਾਡਰ ਸ਼ੰਭੂ ਤੇ ਖਨੋਰੀ ਵਿਖੇ ਅੱਜ ਵੀ ਲਗਭਗ 50 ਹਜ਼ਾਰ ਕਿਸਾਨ ਮੌਜੂਦ ਹਨ ਤੇ ਕਈ ਟ੍ਰੈਕਟਰ ਟਰਾਲੀਆਂ ਖੜ੍ਹੇ ਹਨ। ਜੰਗ ਵਾਂਗ ਕਿਸਾਨ ਜਿੱਥੇ ਪੁਲਸ ਨਾਲ ਟੱਕਰ ਲੈ ਰਹੇ ਸਨ ਉਥੇ ਨੇੜਲੇ ਰਸਤਿਆਂ ਰਾਹੀਂ ਵੀ ਦਿੱਲੀ ਪੁੱਜਣ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਐਮ.ਐਸ.ਪੀ ਸਮੇਤ ਲਗਭਗ 12 ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਸਿਰੇ ਲਗ ਕੇ ਰਹੇਗਾ। ਹੁਣ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂਆਂ ਦੇ ਸੰਘਰਸ਼ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਦੇਰ ਸ਼ਾਮ ਰਾਜਪੁਰਾ ਵਿਖੇ ਕਿਸਾਨ ਆਗੂਆਂ ਦੀ ਏ.ਡੀ.ਜੀ.ਪੀ ਪੰਜਾਬ, ਡੀ.ਸੀ. ਪਟਿਆਲਾ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਦਿੱਲੀ 'ਤੋਂ ਕੇਂਦਰੀ ਮੰਤਰੀ ਅਤੇ ਕਈ ਅਧਿਕਾਰੀ ਵੀ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ। ਕਿਸਾਨ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਜਿੱਦ 'ਤੇ ਅੜੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਚੋਲੇ ਦੀ ਭੂੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। - ਪੁਲਸ ਫੋਰਸ ਨੇ ਕਈ ਟ੍ਰੈਕਟਰ ਤੋੜੇ ਅੱਜ ਜਦੋਂ ਕਿਸਾਨ ਵੱਡੇ ਟ੍ਰੈਕਟਰਾਂ ਰਾਹੀਂ ਬੈਰੀਗੇਟਾਂ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਸ ਨੇ ਸਭ ਤੋਂ ਪਹਿਲਾਂ ਟ੍ਰੈਕਟਰਾਂ ਨੂੰ ਨਿਸ਼ਾਨਾ ਬਣਾਇਆ। ਟ੍ਰੈਕਟਰਾਂ ਦੇ ਟਾਇਰਾਂ ਵਿਚ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਭੰਨ੍ਹਿਆ ਗਿਆ ਅਤੇ ਬਾਕੀ ਟ੍ਰੈਕਟਰਾਂ 'ਤੇ ਵੀ ਬੰਬਨੁਮਾ ਗੋਲੇ ਸੁੱਟੇ ਗਏ ਜਿਸ ਨਾਲ ਟ੍ਰੈਕਟਰਾਂ ਦਾ ਬੇਹੱਦ ਨੁਕਸਾਨ ਹੋਇਆ। ਕਿਸਾਨਾਂ ਵੱਲੋਂ ਇਸ ਮੌਕੇ ਬਾਕੀ ਟ੍ਰੈਕਟਰਾਂ ਨੂੰ ਪਿੱਛੇ ਮੋੜ ਲਿਆ ਗਿਆ ਹੈ।
Punjab Bani 14 February,2024
ਸਪੀਕਰ ਸੰਧਵਾਂ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਦਮ ਭੂਸ਼ਣ ਐਵਾਰਡੀ ਤਰਲੋਚਨ ਸਿੰਘ ਦੇ ਜੀਵਨ ‘ਤੇ ਅਧਾਰਿਤ ਪੁਸਤਕ ਜਾਰੀ
ਸਪੀਕਰ ਸੰਧਵਾਂ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਦਮ ਭੂਸ਼ਣ ਐਵਾਰਡੀ ਤਰਲੋਚਨ ਸਿੰਘ ਦੇ ਜੀਵਨ ‘ਤੇ ਅਧਾਰਿਤ ਪੁਸਤਕ ਜਾਰੀ ਤਰਲੋਚਨ ਸਿੰਘ ਵੱਲੋਂ ਜੀਵਨ ਭਰ ਕੀਤੇ ਮਿਸਾਲੀ ਕੰਮਾਂ ਦੀ ਕੀਤੀ ਸ਼ਲਾਘਾ ਚੰਡੀਗੜ, 5 ਜਨਵਰੀ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ 26 ਵਿਖੇ ਡਾ. ਪ੍ਰਭਲੀਨ ਸਿੰਘ ਵੱਲੋਂ ਲਿਖੀ ਪੁਸਤਕ ‘’ਸ. ਤਰਲੋਚਨ ਸਿੰਘ-ਹਿਸਟੋਰਿਕ ਜਰਨੀ’’ ਦੀ ਜਾਰੀ ਕੀਤੀ। ਪੁਸਤਕ ਰਿਲੀਜ਼ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਸ. ਤਰਲੋਚਨ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਘਾਲਣਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ. ਤਰਲੋਚਨ ਸਿੰਘ ਅਜਿਹੇ ਇਨਸਾਨ ਹਨ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਹ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਨੂੰ ਅਦੁੱਤੀ ਪਛਾਣ ਦੇਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਨਸੀਬ ਹਾਂ ਕਿ ਗੁਰਸਿੱਖੀ ਸਦਗੁਣਾਂ ਨਾਲ ਭਰਪੂਰ, ਸਤਿ-ਸੰਤੋਖ, ਸਹਿਜ ਸਬਰ ਸਿਦਕ ਦੇ ਧਾਰਨੀ, ਰਾਜਨੀਤਿਕ, ਧਾਰਮਿਕ ਅਤੇ ਪੱਤਰਕਾਰੀ ਦੇ ਥੰਮ, ਪੰਜਾਬੀ ਜਗਤ ਦੀ ਉੱਘੀ ਸ਼ਖ਼ਸੀਅਤ ਪਦਮ ਭੂਸ਼ਣ ਐਵਾਰਡੀ ਸਰਦਾਰ ਤਰਲੋਚਨ ਸਿੰਘ ਦੀ ਮੌਜੂਦਗੀ ਦਾ ਆਨੰਦ ਮਾਣ ਰਹੇ ਹਾਂ। ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਅਣਥੱਕ ਮਿਹਨਤ, ਲੰਬੇ ਸੰਘਰਸ਼ ਅਤੇ ਜੀਵਨ ਦੀਆਂ ਅਣਗਿਣਤ ਸਫਲ ਪ੍ਰਾਪਤੀਆਂ ਲੰਮਾ ਇਤਿਹਾਸ ਹੈ। ਸ. ਤਰਲੋਚਨ ਸਿੰਘ ਵਰਗੀ ਅਦੁੱਤੀ ਸ਼ਖ਼ਸੀਅਤ ਦੇ ਜੀਵਨ ਨੂੰ ਇੱਕ ਕਿਤਾਬ ਵਿੱਚ ਸਮੇਟਣਾ ਨਾਮੁਮਕਿਨ ਹੈ, ਪਰ ਮੈਂ ਇਸ ਪੁਸਤਕ ਦੇ ਰਚੇਤਾ ਡਾ. ਪ੍ਰਭਲੀਨ ਸਿੰਘ ਦੀ ਹਿੰਮਤ ਦੀ ਦਾਤ ਦਿੰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਿਲ ਕੰਮ ਨੂੰ ਇੱਕ ਸਫਲ ਅੰਜਾਮ ਤੱਕ ਪਹੁੰਚਾਇਆ ਅਤੇ ਸਾਨੂੰ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਦੇ ਅਣਗਿਣਤ ਪਹਿਲੂਆਂ ਨਾਲ ਰੂਬਰੂ ਕਰਵਾਇਆ। ਜਿਕਰਯੋਗ ਹੈ ਕਿ ਸ. ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ 1983 ਤੋਂ 1987 ਤੱਕ ਪ੍ਰੈਸ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਨਾਂ ਨੇ ਸੰਸਦ ਵਿੱਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲੇਆਮ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪੂਰੇ ਦੇਸ਼ ਵਿੱਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਜੱਗ ਜ਼ਾਹਰ ਕਰਦਿਆਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਰਹੀ। ਗਿਆਨੀ ਜ਼ੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ, ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਸਲਾਹ ਦਿੱਤੀ। ਉਹ ਪੰਜਾਬ ਅਤੇ ਦੇਸ਼ ਪੱਧਰ ‘ਤੇ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਅਤੇ ਆਪਣੀ ਡਿਊਟੀ ਬਾਖੂਬੀ ਕਰਦਿਆਂ ਮਿਸਾਲੀ ਸੇਵਾਵਾਂ ਦਿੱਤੀਆਂ। ਉਨ੍ਹਾਂ ਆਪਣੀ ਮਿਹਨਤ ਸਦਕਾ ਪਾਰਲੀਮੈਂਟ ਤੱਕ ਪਹੁੰਚਣ ਤੋਂ ਲੈ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਵੱਖੋ-ਵੱਖ ਖੇਤਰਾਂ ਵਿੱਚ ਆਪਣੀ ਛਾਪ ਛੱਡੀ। ਸ. ਸੰਧਵਾਂ ਨੇ ਕਿਹਾ ਕਿ ਡਾ. ਪ੍ਰਭਲੀਨ ਸਿੰਘ ਇਸ ਵਿਲੱਖਣ ਉਪਰਾਲੇ ਵਿੱਚ ਸਫਲ ਹੋਣ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਦਰਜ ਕਰਨ ਲਈ ਸ. ਤਰਲੋਚਨ ਸਿੰਘ ਬਾਰੇ ਜਿੰਨੀ ਬਾਰੀਕੀ ਨਾਲ ਖੋਜ ਕੀਤੀ ਗਈ ਹੈ, ਅਤੇ ਜਿਸ ਸ਼ਿੱਦਤ ਨਾਲ ਉਨ੍ਹਾਂ ਬਾਰੇ ਇੰਨੀ ਵਿਲੱਖਣ ਜਾਣਕਾਰੀ ਇਕੱਤਰ ਕੀਤੀ ਹੈ, ਇਸ ਪੁਸਤਕ ਨੂੰ ਪੜ੍ਹ ਕੇ ਕੀਤੀ ਮਿਹਨਤ ਦੀ ਸਿਰਫ ਝਲਕ ਹੀ ਨਹੀਂ, ਬਲਕਿ ਮਿਹਨਤ ਦੀ ਮਹਿਕ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਹਾਲਾਂਕਿ ਖੁਦ ਇੱਕ ਉੱਘੇ ਲੇਖਕ ਹਨ, ਜਿਨ੍ਹਾਂ ਨੇ ਇਤਿਹਾਸ, ਧਰਮ, ਪ੍ਰਸ਼ਾਸਨ ਅਤੇ ਰਾਜਨੀਤੀ ਨਾਲ ਜੁੜੇ ਕਈ ਗੰਭੀਰ ਮੁੱਦਿਆਂ ਨੂੰ ਕਲਮਬੱਧ ਕਰਕੇ ਸਾਡੀਆਂ ਰਾਹਾਂ ਰੌਸ਼ਨ ਕੀਤੀਆਂ, ਪਰ ਜਿਸ ਸ਼ਾਲੀਨਤਾ, ਨਿਰਪੱਖਤਾ ਅਤੇ ਨਿਸਵਾਰਥ ਭਾਵ ਨਾਲ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਸ਼ ਨੂੰ ਦਿੱਤੀਆਂ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਖੁਦ ਕਦੇ ਵੀ ਆਪਣੀ ਜੀਵਨੀ ਲਿਖਣ ਬਾਰੇ ਨਹੀਂ ਸੋਚਿਆ ਹੋਣਾ। ਸ. ਸੰਧਵਾਂ ਨੇ ਕਿਹਾ ਕਿ ਸ. ਤਰਲੋਚਨ ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਹਨ, ਜਿਨ੍ਹਾਂ ਨੇ ਗੁਰੂ ਦੇ ਸੱਚੇ ਸਿੱਖ ਹੋਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਅਤੇ ਆਪਣੇ ਹੱਥ ਦੀਆਂ ਲਕੀਰਾਂ ਆਪ ਘੜੀਆਂ। ਉਨ੍ਹਾਂ ਕਿਸਮਤ ਦੇ ਸਹਾਰੇ ਨਹੀਂ ਬਲਕਿ ਆਪਣੇ ਕਰਮਾਂ ਨਾਲ ਆਪਣੀਆਂ ਰਾਹਾਂ ਚੁਣੀਆਂ। ਸਪੀਕਰ ਸੰਧਵਾਂ ਨੇ ਅੱਗੇ ਕਿਹਾ ਕਿ ਸ. ਤਰਲੋਚਨ ਸਿੰਘ ਦੀ ਸਮਾਜ, ਸਿੱਖੀ ਅਤੇ ਸਮੁੱਚੀ ਮਾਨਵਤਾ ਪ੍ਰਤੀ ਨਿਭਾਈ ਸੱਚੀ ਅਤੇ ਸੁੱਚੀ ਸੇਵਾ ਦਾ ਫਲ ਹੀ ਹੈ, ਜੋ ਪਰਮਾਤਮਾ ਨੇ ਡਾ. ਪ੍ਰਭਲੀਨ ਸਿੰਘ ਹੱਥੋਂ ਸ. ਤਰਲੋਚਨ ਸਿੰਘ ਦੀ ਜੀਵਨ ਯਾਤਰਾ ਨੂੰ ਇਸ ਜੀਵਨੀ ਪੁਸਤਕ ਵਿੱਚ ਸਜਾ ਕੇ ਸਾਡੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਕਿ ਪੁਸਤਕ ਨੂੰ ਪੜ੍ਹ ਕੇ ਇੱਕ ਹੋਰ ਗੱਲ ਸਮਝ ਆਉਂਦੀ ਹੈ, ਕਿ ਇਹ ਪੁਸਤਕ ਸ. ਤਰਲੋਚਨ ਸਿੰਘ ਦੇ ਨਿੱਜੀ ਜੀਵਨ ਦੇ ਨਾਲ-ਨਾਲ, ਦੇਸ਼ ਦੇ ਇਤਿਹਾਸ ਵਿੱਚ ਵਾਪਰੀਆਂ ਕਈ ਮਹੱਤਵਪੂਰਨ ਘਟਨਾਵਾਂ ਅਤੇ ਉਨ੍ਹਾਂ ਨਾਲ ਪਏ ਸ. ਤਰਲੋਚਨ ਸਿੰਘ ਦੇ ਜੀਵਨ ‘ਤੇ ਅਸਰ ‘ਤੇ ਵੀ ਝਾਤੀ ਮਾਰਨ ਦਾ ਮੌਕਾ ਦਿੰਦੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸ. ਤਰਲੋਚਨ ਸਿੰਘ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਇਸ ਮੌਕੇ ਬੋਲਦਿਆਂ ਸ. ਤਰਲੋਚਨ ਸਿੰਘ ਨੇ ਕਿਹਾ ਕਿ ਵੰਡ ਸਮੇਂ ਬੇਘਰੇ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਡੇਢ ਸਾਲ ਪਟਿਆਲਾ ਵਿਖੇ ਬਾਲ ਮਜ਼ਦੂਰੀ ਦਾ ਸਹਾਰਾ ਲਿਆ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਲਈ ਬਚਾਇਆ। 1949 ਵਿੱਚ, ਉਸਨੇ ਦਸਵੀਂ ਪਾਸ ਕੀਤੀ ਅਤੇ ਬਾਅਦ ਵਿੱਚ 1955 ਵਿੱਚ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ। ਡਾ. ਸਰਬਜਿੰਦਰ ਸਿੰਘ ਡੀਨ ਫੈਕਲਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ, ਸ੍ਰੀ ਸੰਦੀਪ ਗੋਸ਼ ਸੰਪਾਦਕ ਆਉਟਲੁੱਕ ਸ. ਸੁਰੇਸ਼ ਕੁਮਾਰ ਆਈ.ਏ.ਐਸ. (ਸੇਵਾਮੁਕਤ), ਸ. ਰੁਪਿੰਦਰ ਸਿੰਘ ਸੀਨੀਅਰ ਐਸੋਸੀਏਟ ਐਡੀਟਰ (ਸੇਵਾਮੁਕਤ) ਦਿ ਟ੍ਰਿਬਿਊਨ ਅਤੇ ਲੇਖਕ ਡਾ. ਪ੍ਰਭਲੀਨ ਸਿੰਘ ਨੇ ਵੀ ਸ. ਤਰਲੋਚਨ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਸਿੱਖ ਧਰਮ ਦਾ ਵਿਸ਼ਵਕੋਸ਼ ਦਾ ਕਰਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ, ਸਿਆਸਤਦਾਨ ਸ. ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਸ. ਕੰਵਰ ਸੰਧੂ ਤੇ ਹੋਰ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।
Punjab Bani 05 January,2024
ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਰਿਲੀਜ਼
ਸਿਵਲ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਨਜ਼ਦੀਕੀ ਤਾਲਮੇਲ 'ਤੇ ਦਿੱਤਾ ਜ਼ੋਰ ਚੰਡੀਗੜ੍ਹ, 17 ਜੂਨ: ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਰਾਜਨ ਕਸ਼ਯਪ ਦੀ ਆਤਮਕਥਾ ‘ਬੀਔਂਡ ਦ ਟ੍ਰੈਪਿੰਗ ਆਫ਼ ਆਫ਼ਿਸ, ਏ ਸਿਵਿਲ ਸਰਵੈਂਟ’ਸ ਜਰਨੀ ਇੰਨ ਪੰਜਾਬ’ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ-26 ਵਿਖੇ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਸ੍ਰੀ ਐਸ.ਐਸ.ਸੋਢੀ ਅਤੇ ਮਨੀਪੁਰ ਦੇ ਸਾਬਕਾ ਰਾਜਪਾਲ ਸ੍ਰੀ ਗੁਰਬਚਨ ਜਗਤ ਵੱਲੋਂ ਰਿਲੀਜ਼ ਕੀਤੀ ਗਈ। ਇਹ ਆਤਮਕਥਾ ਸੂਬੇ ਦੇ ਵਿਕਾਸ ਦੀ ਕਹਾਣੀ ਅਤੇ ਅੱਧੀ ਸਦੀ ਤੋਂ ਵੱਧ ਸਮੇਂ ਦੌਰਾਨ ਪੰਜਾਬ ਦੇ ਬੇਮਿਸਾਲ ਵਿਕਾਸ ਨੂੰ ਰੂਪ ਦੇਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਅਤੇ ਆਗੂਆਂ ਦਾ ਵਰਣਨ ਕਰਦੀ ਹੈ। ਲੇਖਕ ਸ੍ਰੀ ਰਾਜਨ ਕਸ਼ਯਪ 1965 ਵਿੱਚ ਬਤੌਰ ਆਈ.ਏ.ਐਸ. ਭਰਤੀ ਹੋਏ ਅਤੇ 38 ਸਾਲਾਂ ਦੇ ਲੰਬੇ ਅਤੇ ਬੇਮਿਸਾਲ ਕੈਰੀਅਰ ਉਪਰੰਤ 2003 ਵਿੱਚ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ। ਇਸ ਮੌਕੇ 'ਤੇ ਸੰਜੀਦਾ ਗੱਲਬਾਤ ਦੌਰਾਨ, ਪ੍ਰੋਫੈਸਰ ਬੀ.ਐਨ. ਗੋਸਵਾਮੀ, ਜੋ 1950 ਦੇ ਦਹਾਕੇ ਵਿੱਚ ਆਈ.ਏ.ਐਸ. ਭਰਤੀ ਹੋਏ ਅਤੇ ਅਕਾਦਮਿਕ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਜਲਦ ਹੀ ਸੇਵਾਮੁਕਤ ਹੋ ਗਏ, ਨੇ ਉਸ ਦੌਰ ਵਿੱਚ ਕੰਮ ਦੀ ਨੈਤਿਕਤਾ ਬਾਰੇ ਦਿਲਚਸਪ ਕਿੱਸੇ ਸਾਂਝੇ ਕੀਤੇ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਕਪੂਰਥਲਾ ਦੇ ਪੁਰਾਣੇ ਰਾਜ ਵਿੱਚ ਸ਼ਾਸਨ ਦੀ ਇੱਕ ਦਿਲਚਸਪ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀ ਸੰਪੂਰਨਤਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ। ਉਹਨਾਂ ਸਖ਼ਤ ਮਿਹਨਤ ਕਰਨ 'ਤੇ ਜ਼ੋਰ ਦਿੱਤਾ। ਲਾਲ ਬਹਾਦੁਰ ਸ਼ਾਸਤਰੀ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ, ਮਸੂਰੀ ਦੇ ਸਾਬਕਾ ਡਾਇਰੈਕਟਰ ਸੰਜੀਵ ਚੋਪੜਾ ਨੇ ਦੱਸਿਆ ਕਿ ਕਿਵੇਂ ਅੱਜ ਦੇ ਸਿਵਲ ਅਧਿਕਾਰੀ ਵਧੇਰੇ ਪੇਸ਼ੇਵਰ ਬਣ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਸੀ.ਡੀ. ਦੇਸ਼ਮੁਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਵਲ ਅਧਿਕਾਰੀਆਂ ਨੂੰ ਘਟਨਾਵਾਂ ਬਾਰੇ ਜ਼ਰੂਰ ਲਿਖਣਾ ਚਾਹੀਦਾ ਹੈ ਕਿਉਂਕਿ ਉਹ ਇਤਿਹਾਸ ਵਿੱਚ ਸ਼ਾਮਲ ਹੁੰਦੇ ਹਨ। ਰਾਜਨ ਕਸ਼ਯਪ ਨੇ ਦੱਸਿਆ ਕਿ ਕਿਵੇਂ ਚੀਜ਼ਾਂ ਅਤੀਤ ਦੇ ਮੁਕਾਬਲੇ ਮੌਜੂਦਾ ਸਮੇਂ ਬਦਲ ਗਈਆਂ ਹਨ। ਸਕਾਰਾਤਮਕ ਪਹੁੰਚ ਲਈ ਪੈਰਵੀ ਕਰਦਿਆਂ, ਉਹਨਾਂ ਸਿਵਲ ਅਧਿਕਾਰੀਆਂ ਅਤੇ ਪੁਲਿਸ ਦਰਮਿਆਨ ਨਜ਼ਦੀਕੀ ਤਾਲਮੇਲ ਦੀ ਵਕਾਲਤ ਕੀਤੀ, ਜਿਸਦੀ ਪ੍ਰੋੜਤਾ ਸ੍ਰੀ ਐਸ. ਐਸ. ਸੋਢੀ ਅਤੇ ਸ੍ਰੀ ਗੁਰਬਚਨ ਜਗਤ ਨੇ ਵੀ ਕੀਤੀ। ਸਾਬਕਾ ਸਿੱਖਿਆ ਸਕੱਤਰ (ਭਾਰਤ ਸਰਕਾਰ) ਵਿਭਾ ਪੁਰੀ ਦਾਸ ਨੇ ਕਿਹਾ ਕਿ ਨੌਕਰਸ਼ਾਹੀ ਦੇ ਕੰਮਾਂ ਦੇ ਸੰਚਾਲਨ ਵਿੱਚ ਮਨੁੱਖੀ ਸਰੋਕਾਰਾਂ ਨੂੰ ਸਰਵਉੱਚ ਹੋਣਾ ਚਾਹੀਦਾ ਹੈ। ਮਗਸੀਪਾ ਦੇ ਡਾਇਰੈਕਟਰ ਜਨਰਲ, ਸ੍ਰੀ ਅਨਿਰੁੱਧ ਤਿਵਾਰੀ ਨੇ ਕਿਹਾ ਕਿ ਬਿਹਤਰ ਮਨੁੱਖੀ ਸਰੋਤ ਪ੍ਰਬੰਧਨ, ਹਮਦਰਦੀ, ਨਿਆਂ ਅਤੇ ਨਿਰਪੱਖਤਾ ਦੀਆ ਸਦੀਵੀ ਕਦਰਾਂ-ਕੀਮਤਾਂ ਤੋਂ ਇਲਾਵਾ ਹੁਨਰ ਆਧਾਰਿਤ ਸਿਖਲਾਈ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਮੰਚ ਦੀ ਕਾਰਵਾਈ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਵਿਵੇਕ ਅਤਰੇ ਨੇ ਚਲਾਈ।
News 17 June,2023
ਧੋਲਾਧਾਰ ਦੀਆਂ ਪਹਾੜੀਆਂ ਵਿਚ ਸਥਿਤ ਧਰਮਸ਼ਾਲਾ ਵਿਖੇ ਭਾਸ਼ਾ ਵਿਭਾਗ ਵੱਲੋਂ ਦੋ ਰੋਜ਼ਾ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੀ ਪੇਸ਼ਕਾਰੀ
31ਵਾਂ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਸਰਕਾਰੀ ਕਾਲਜ ਧਰਮਸ਼ਾਲਾ ਵਿਖੇ ਅਯੋਜਿਤ ਕੀਤਾ ਗਿਆ ਪਟਿਆਲਾ, 16 ਜੂਨ: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ 31ਵਾਂ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਸਰਕਾਰੀ ਕਾਲਜ ਧਰਮਸ਼ਾਲਾ ਵਿਖੇ ਅਯੋਜਿਤ ਕੀਤਾ ਗਿਆ। ਇਸ ਦੋ ਰੋਜ਼ਾ ਸਮਾਗਮ ਵਿਚ ਪਹਿਲੇ ਦਿਨ ਸਰਕਾਰੀ ਕਾਲਜ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਦੇ ਸੈਮੀਨਾਰ ਹਾਲ ਵਿਚ ਸਾਹਿਤਕ ਗੋਸ਼ਟੀ ਅਤੇ ਦੂਜੇ ਸੈਸ਼ਨ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਦੂਜੇ ਦਿਨ ਸੱਭਿਆਚਾਰਕ ਸ਼ਾਮ ਦਾ ਆਯੋਜਨ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿਚ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਉੱਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਵੱਲੋਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਪਹਿਲੇ ਦਿਨ ਸਾਹਿਤਕ ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਡਾ. ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਵੱਲੋਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸਾਹਿਤਕਾਰਾਂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਹਿਤਕਾਰ, ਬੁੱਧੀਜੀਵੀਆਂ ਅਤੇ ਖੋਜਾਰਥੀਆਂ ਨੂੰ ਜੀ ਆਇਆਂ ਆਖਦਿਆਂ ਜਿੱਥੇ ਵਿਭਾਗੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਉਥੇ ਵਿਭਾਗ ਵੱਲੋਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਆਪਣੇ ਸਾਹਿਤਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਮਸ਼ਾਲਾ ਵਿਚ ਹੋਣ ਵਾਲਾ ਇਹ 31ਵਾਂ ਸਮਾਗਮ ਹੈ। ਇਸ ਤੋਂ ਪਹਿਲਾਂ ਵਿਭਾਗ ਭਾਰਤ ਦੇ ਕੋਨੇ-ਕੋਨੇ ਵਿਚ ਸਮਾਗਮ ਕਰਵਾ ਚੁੱਕਾ ਹੈ। ਸਾਹਿਤਕ ਗੋਸ਼ਟੀ ਵਿਚ ਮੁੱਖ ਵਕਤਾ ਵੱਲੋਂ ਬੋਲਦਿਆਂ ਡਾ. ਸਰਬਜੀਤ ਸਿੰਘ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਕਾਸ ਅਤੇ ਪੰਜਾਬੀ ਲਈ ਆ ਰਹੀਆਂ ਚੁਣੌਤੀਆਂ ਬਾਰੇ ਗੰਭੀਰ ਚਰਚਾ ਕੀਤੀ। ਉਨ੍ਹਾਂ ਸਾਂਝੇ ਪੰਜਾਬ ਭਾਵੇਂ ਉਹ 1966 ਤੋਂ ਪਹਿਲਾਂ ਵਾਲਾ ਪੰਜਾਬ ਹੋਵੇ ਜਾਂ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੋਵੇ ਬਾਰੇ ਪੰਜਾਬੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਵਜੋਂ ਬੋਲਦਿਆਂ ਉੱਘੇ ਨਾਵਲਕਾਰ ਬਲਦੇਵ ਸੜਕਨਾਮਾ ਵੱਲੋਂ ਜਿੱਥੇ ਭਾਸ਼ਾ ਵਿਭਾਗ ਵੱਲੋਂ ਇਸ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਉਥੇ ਉਨ੍ਹਾਂ ਵਿਭਾਗ ਵੱਲੋਂ ਕਲਕੱਤੇ ਵਿਖੇ ਕਰਵਾਏ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਬਾਰੇ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੋਕੀ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟ ਰਹੀ ਹੈ, ਜਿਸ ਨੂੰ ਜੋੜਨ ਲਈ ਭਾਸ਼ਾ ਵਿਭਾਗ ਵਧੀਆ ਕਾਰਜ ਕਰ ਰਿਹਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਚ ਬੋਲਦਿਆਂ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਜੀ ਨੇ ਕਿਹਾ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਵੱਸਦੇ ਪੰਜਾਬੀਆਂ ਨੇ ਮਾਂ ਬੋਲੀ ਪੰਜਾਬੀ ਦਾ ਪੂਰੇ ਸੰਸਾਰ ਵਿਚ ਨਾਂ ਉੱਚਾ ਕੀਤਾ ਹੈ। ਪੰਜਾਬੀ ਸੰਗੀਤ ਦੀ ਪੂਰੀ ਦੁਨੀਆ ਵਿਚ ਤੂਤੀ ਗੂੰਜਦੀ ਹੈ ਅਤੇ ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਆਪਣੀ ਬੋਲੀ ਅਤੇ ਵਿਰਸੇ ਨਾਲ ਜੋੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਇਸ ਉੱਦਮ ਸਦਕਾ ਲੋਕਾਂ ਵਿਚ ਚੇਤਨਾ ਪੈਦਾ ਹੋਵੇਗੀ ਅਤੇ ਉਨ੍ਹਾਂ ਅੱਗੇ ਦੱਸਿਆ ਕਿ ਭਾਸ਼ਾ ਵਿਭਾਗ ਦੁਆਰਾ ਛਾਪਿਆ ਗਿਆ ਸਾਹਿਤ ਇਕ ਅਨਮੋਲ ਖਜ਼ਾਨਾ ਹੈ ਜੋ ਹਰ ਪੰਜਾਬੀ ਦੇ ਹੱਥਾਂ ਵਿਚ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਤੇ ਬੋਲਦਿਆਂ ਧਰਮਸ਼ਾਲਾ ਦੇ ਉੱਘੇ ਸਮਾਜਸੇਵੀ ਸ. ਪਰਮਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਵਿਚ ਵੱਸਦੇ ਪੰਜਾਬੀਆਂ ਦੀ ਜੀਵਨਸ਼ੈਲੀ ਅਤੇ ਸੱਭਿਆਚਾਰ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਮਾਗਮ ਉਨ੍ਹਾਂ ਨੂੰ ਵਿਰਸੇ ਨਾਲ ਜੋੜਨ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਸਮਾਗਮ ਵਿਚ ਬੋਲਦਿਆਂ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਜੀ ਨੇ ਭਾਸ਼ਾ ਵਿਭਾਗ ਵੱਲੋਂ ਜਿੱਥੇ ਦੋ ਦਿਨਾਂ ਸਮਾਗਮ ਦੀ ਰੂਪ ਰੇਖਾ ਬਾਰੇ ਚਾਨਣਾ ਪਾਇਆ ਉਥੇ ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਵਿਖੇ ਹੋਣ ਵਾਲੇ ਇਸ ਸਮਾਗਮ ਦਾ ਮੁੱਖ ਮੰਤਵ ਪੰਜਾਬੀ ਦੀਆਂ ਉਕਤ ਉਪ-ਭਾਸ਼ਾਵਾਂ ਕਾਂਗੜੀ, ਡੋਗਰੀ ਨੂੰ ਪੰਜਾਬੀ ਕੋਸ਼ਾਂ ਦਾ ਸ਼ਿੰਗਾਰ ਬਣਾ ਕੇ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਵਿਰਾਸਤੀ ਸਾਂਝਾਂ ਨਾਲ ਜੋੜਨਾ ਹੈ। ਉਨ੍ਹਾਂ ਸਮੁੱਚੇ ਕਾਂਗੜਾ ਵਾਸੀਆਂ ਨੂੰ ਆਉਣ ਵਾਲੇ ਦੋ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਸਮਾਗਮ ਦੇ ਦੂਜੇ ਸੈਸ਼ਨ ਵਿਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਨਾਮਵਾਰ ਸ਼ਾਇਰਾਂ ਵੱਲੋਂ ਕਵੀ ਦਰਬਾਰ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਸ੍ਰੀ ਸੁਲੱਖਣ ਸਰਹੱਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਹੋਏ ਉਨ੍ਹਾਂ ਪੰਜਾਬੀ ਗ਼ਜ਼ਲ ਅਤੇ ਕਵਿਤਾ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ । ਭਾਸ਼ਾ ਵਿਭਾਗ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਕਵੀ ਸੁਰਜੀਤ ਜੱਜ ਵੱਲੋਂ ਆਪਣੀਆਂ ਕਵਿਤਾਵਾਂ ਨਾਲ ਹਾਜਰੀ ਲਗਵਾਈ ਗਈ ਅਤੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸ਼੍ਰੋਮਣੀ ਕਵੀ ਡਾ. ਦਰਸ਼ਨ ਬੁੱਟਰ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜੋਕੀ ਪੰਜਾਬੀ ਕਵਿਤਾ ਦਾ ਦਾਇਰਾ ਬਹੁਤ ਵਿਸ਼ਾਲ ਹੋ ਚੁੱਕਾ ਹੈ। ਇਹ ਪੰਜਾਬ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਨਾਮ ਬਣਾ ਚੁੱਕੀ ਹੈ ਅਤੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਅਮੀਰ ਵਿਰਸੇ ਨਾਲ ਪੂਰੇ ਸੰਸਾਰ ਵਿਚ ਆਪਣਾ ਲੋਹਾ ਮੰਨਵਾਇਆ ਹੈ ਅਤੇ ਕਵਿਤਾ ਦੇ ਰੂਪ ਵਿਚ ਪ੍ਰਧਾਨਗੀ ਭਾਸ਼ਣ ਦਾ ਅੰਤ ਕੀਤਾ। ਇਸ ਸਮਾਗਮ ਵਿਚ ਪੰਜਾਬ ਤੋਂ ਉੱਘੇ ਕਵੀ ਤ੍ਰਲੋਚਨ ਲੋਚੀ, ਗੁਰਤੇਜ ਕੁਹਾਰਵਾਲਾ, ਮਨਜਿੰਦਰ ਧਨੋਆ, ਡਾ. ਵਿਸ਼ਾਲ, ਹਰਮੀਤ ਆਰਟਿਸਟ, ਕੁਲਵਿੰਦਰ ਬੱਛੋਆਣਾ, ਵਾਹਿਦ, ਸਤਪਾਲ ਭੀਖੀ, ਬਖ਼ਤਾਵਰ ਧਾਲੀਵਾਲ, ਤਰਸੇਮ ਬਰਨਾਲਾ, ਗੁਰਚਰਨ ਪੱਬਾਰਾਲੀ, ਰਾਮਦਿਆਲ ਸੇਖੋਂ, ਸਰਬਜੀਤ ਸਮਾਲਸਰ, ਸੁਰਿੰਦਰਜੀਤ ਚੌਹਾਨ ਅਤੇ ਡਾ. ਕੁਲਦੀਪ ਦੀਪ ਤੋਂ ਇਲਾਵਾ ਹਿਮਚਾਲ ਪ੍ਰਦੇਸ਼ ਦੇ ਨਾਮੀਂ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਸਮਾਗਮ ਵਿਚ ਪੰਜਾਬ ਭਰ ਤੋਂ 80 ਦੇ ਕਰੀਬ ਡੈਲੀਗੇਟ ਜਿਨ੍ਹਾਂ ਵਿਚ ਉੱਘੇ ਸਾਹਿਤਕਾਰ, ਵਿਦਵਾਨ, ਬੁੱਧੀਜੀਵੀ ਸ਼ਾਮਲ ਹੋਏ। ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਦੇ ਦੂਜੇ ਦਿਨ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਦੇ ਸੂਫ਼ੀ ਗਾਇਕ ਕੰਵਰ ਗਰੇਵਾਲ ਵੱਲੋਂ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿਚ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। 1300 ਵਿਅਕਤੀਆਂ ਦੀ ਸਮਰੱਥਾ ਵਾਲੇ ਹਾਲ ਵਿਚ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਦੇ ਹਜੂਮ ਵੱਲੋਂ ਸਾਹ ਸੂਤ ਕੇ ਪ੍ਰੋਗਰਾਮ ਦਾ ਅਨੰਦ ਮਾਣਿਆ ਗਿਆ। ਪੰਜਾਬੀ ਲੋਕਧਾਰਾ ਦੇ ਉੱਘੇ ਵਿਗਿਆਨੀ ਹਰਦਿਆਲ ਥੂਹੀ ਨੇ ਪੰਜਾਬੀ ਗਾਇਕੀ ਦੇ ਸਫ਼ਰ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵਿਚ ਕੈਪਟਨ ਬੀ.ਐਨ. ਪਠਾਣੀਆਂ ਆਈ.ਏ.ਐੱਸ. ਚੇਅਰਮੈਨ ਐਗਰੋਫੈਡ, ਹਿਮਾਚਲ ਪ੍ਰਦੇਸ਼ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੋਵਾਂ ਰਾਜਾਂ ਦੀ ਵਿਰਾਸਤੀ ਸਾਂਝ ਪੈਦਾ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਕੀਤੇ ਉਪਰਾਲੇ ਦੀ ਸ਼ਾਲਾਘਾ ਕੀਤੀ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਨਰਿੰਦਰ ਅਵਸਥੀ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਧਰਮਸ਼ਾਲਾ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਤਨਾਮ ਸਿੰਘ, ਸਹਾਇਕ ਡਾਇਰਰੈਕਟਰ, ਭਾਸ਼ਾ ਵਿਭਾਗ ਵੱਲੋਂ ਧਰਮਸ਼ਾਲਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੇ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ। ਡਾ. ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਵੱਲੋਂ ਉਤਸ਼ਾਹ ਵਿਚ ਆਏ ਸ੍ਰੋਤਿਆਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਸ੍ਰੀਮਤੀ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਡਾ. ਮਨਜਿੰਦਰ ਸਿੰਘ, ਖੋਜ ਅਫਸਰ ਵਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਤੋਂ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਗਭਗ 20 ਸਟਾਫ਼ ਮੈਂਬਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ, ਡਾ. ਸੰਤੋਖ ਸਿੰਘ, ਖੋਜ ਅਫਸਰ, ਡਾ. ਸਤਪਾਲ ਸਿੰਘ, ਖੋਜ ਅਫਸਰ, ਸ. ਭਗਵਾਨ ਸਿੰਘ, ਸੀਨੀਅਰ ਸਹਾਇਕ, ਕੁਲਵੰਤ ਸਿੰਘ ਨਾਰੀਕੇ ਤੋਂ ਇਲਾਵਾ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਤੋਂ ਡਾ. ਹਰਪਾਲ ਸਿੰਘ, ਡਾ. ਪਰਮਿੰਦਰ ਸਿੰਘ, ਦਵਿੰਦਰ ਸਿੰਘ, ਮੀਡੀਆ ਕਰਮੀ, ਰਾਕੇਸ਼ ਸ਼ਰਮਾ ਅਤੇ ਚੰਦਨ ਸ਼ਰਮਾ ਜ਼ਿਲ੍ਹਾ ਲੋਕ ਸੰਪਰਕ, ਕਾਂਗੜਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
News 16 June,2023
ਦੇਸ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀ ਰਹੇ : 95 ਸਾਲ ਦੇ ਸਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੇ ਸਮੂਹ ਰਾਜਨੀਤਿਕ ਪਾਰਟੀਆਂ ਨੇ ਕੀਤੇ ਦੁੱਖ ਦੇ ਪ੍ਰਗਟਾਵੇ
- ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇ ਪੁੱਜਣ 'ਤੇ ਪਟਿਆਲਾ ਵਾਸੀਆਂ ਤੇ ਅਕਾਲੀ ਨੇਤਾਵਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ - ਸਾਬਕਾ ਮੰਤਰੀ ਸੁਰਜੀਤ ਰੱਖੜਾ, ਪ੍ਰੋ .ਬਡੂੰਗਰ, ਸਾਬਕਾ ਚੇਅਰਮੈਨ ਇੰਦਰ ਮੋਹਨ ਬਜਾਜ, ਬੀਬੀ ਮੁਖਮੈਲਪੁਰ, ਸਤਵਿੰਦਰ ਟੌਹੜਾ ਸਮੇਤ ਹੋਰ ਨੇਤਾਵਾਂ ਨੇ ਆਖ਼ਰੀ ਦਰਸ਼ਨ ਚੰਡੀਗੜ / ਪਟਿਆਲਾ, 28 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਦੇਸ਼ ਦੀ ਰਾਜਨੀਤੀ ਦੇ ਬਾਬਾ ਬੋਹੜ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹਰ ਰਾਜਸੀ ਪਾਰਟੀ ਦੇ ਨੇਤਾ ਨੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸਰਦਾਰ ਬਾਦਲ 95 ਸਾਲ ਦੇ ਸਨ । ਕੇਂਦਰ ਸਰਕਾਰ ਨੇ ਜਿੱਥੇ 2 ਦਿਨਾਂ ਦੇ ਸਰਕਾਰੀ ਸੋਗ ਦਾ ਇਸ ਮੌਕੇ ਐਲਾਨ ਕੀਤਾ ਹੈ ਉੱਥੇ ਪੰਜਾਬ ਸਰਕਾਰ ਨੇ ਇਸ ਸੋਗ ਦੇ ਨਾਲ ਨਾਲ 27 ਅਪ੍ਰੈਲ ਦੀ ਛੁੱਟੀ ਕੀਤੀ ਹੈ। 27 ਅਪ੍ਰੈਲ ਨੂੰ ਸਰਦਾਰ ਬਾਦਲ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ। ਚੰਡੀਗੜ ਤੋ ਪਿੰਡ ਬਾਦਲ ਜਾਂਦੇ ਸਮੇਂ ਉਨ੍ਹਾਂ ਦੀ ਮ੍ਰਿਤਕ ਦੇਹ ਜਿਵੇਂ ਹੀ ਪਟਿਆਲਾ ਪੁੱਜੀ ਤਾਂ ਇੱਥੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਲਕਾ ਇੰਚਾਰਜ ਅਮਲੋਹ ਰਾਜੂ ਖੰਨਾ, ਹਲਕਾ ਇੰਚਾਰਜ ਨਾਭਾ ਬਾਬੂ ਕਬੀਰ ਦਾਸ, ਸਾਹਿਲ ਗੋਇਲ ਕੌਮੀ ਮੀਤ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਾਰਟੀ ਦੇ ਆਗੂਆਂ ਅਤੇ ਵਰਕਰ ਨੇ ਆਪਣੇ ਮਹਿਬੂਬ ਨੇਤਾ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਸਤਿਕਾਰ ਭੇਂਟ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਸ. ਪ੍ਰਕਾਸ਼ ਸਿੰਘ ਦਾ ਬਾਦਲ ਦਾ ਪਾਰਥਿਕ ਸਰੀਰ ਲਿਜਾਣ ਵਾਲੇ ਨਾਲ ਸਨ।
News 26 April,2023
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ‘ਸੀ.ਐਮ. ਦੀ ਯੋਗਸ਼ਾਲਾ’ ਦਾ ਆਗਾਜ਼
ਮੁਫ਼ਤ ਯੋਗ ਸਿਖਲਾਈ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ ‘ਸੀ.ਐਮ. ਦੀ ਯੋਗਸ਼ਾਲਾ’ ਸਿਹਤਮੰਦ, ਗਤੀਸ਼ੀਲ ਤੇ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ: ਭਗਵੰਤ ਮਾਨ ਇਹ ਲੋਕ-ਪੱਖੀ ਪ੍ਰਾਜੈਕਟ ਪੰਜਾਬੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਸਿਖਲਾਈ ਦੇਣ ਲਈ 10 ਅਤਿ-ਆਧੁਨਿਕ ਸੈਂਟਰ ਖੋਲ੍ਹਣ ਦਾ ਐਲਾਨ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਕਈ ਮਿਸਾਲੀ ਪਹਿਲਕਦਮੀਆਂ ਲਈ ਸ਼ਲਾਘਾ ਭਗਵੰਤ ਮਾਨ ਨੂੰ ਪੰਜਾਬ ਤੇ ਪੰਜਾਬੀਆਂ ਦੀ ਸੱਚੀ ਆਵਾਜ਼ ਦੱਸਿਆ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਪੰਜਾਬ ਅੱਜ ਦੇਸ਼ ਭਰ ਵਿੱਚ ਅਮਨ ਦੀ ਮਿਸਾਲ ਬਣਿਆ ਪਟਿਆਲਾ, 5 ਅਪਰੈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ‘ਸੀ.ਐਮ. ਦੀ ਯੋਗਸ਼ਾਲਾ’ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਪ੍ਰੋਗਰਾਮ ‘ਸੀ.ਐਮ. ਦੀ ਯੋਗਸ਼ਾਲਾ’ ਲਈ ਪੋਰਟਲ ਜਾਰੀ ਕਰਨ ਮਗਰੋਂ ਇਕੱਠ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਪੱਖੀ ਇਹ ਅਹਿਮ ਪ੍ਰਾਜੈਕਟ ਦਿੱਲੀ ਦੇ ਮੁੱਖ ਮੰਤਰੀ ਦੇ ਮਨ ਦੀ ਉਪਜ ਹੈ ਅਤੇ ਇਸ ਨੇ ਲੋਕਾਂ ਵਿਚਾਲੇ ਕਾਫ਼ੀ ਮਕਬੂਲੀਅਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਦਾ ਕੌਮੀ ਰਾਜਧਾਨੀ ਦੀ ਵੱਡੀ ਗਿਣਤੀ ਜਨਤਾ ਲਾਭ ਲੈ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਪੰਜਾਬ ਨੇ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕੀਤਾ ਹੈ ਤਾਂ ਕਿ ਹਰੇਕ ਪੰਜਾਬੀ ਨੂੰ ਇਸ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਨੇ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਇਸ ਕਦਮ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕ ਲਹਿਰ ਪੈਦਾ ਕਰਨ ਦਾ ਸਬੱਬ ਦੱਸਿਆ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਦੀ ਇਸ ਸ਼ਾਨਾਮੱਤੀ ਪੁਰਾਣੀ ਰਵਾਇਤ ਉਤੇ ਚੱਲਦਿਆਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਉਤੇ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਢਲਾ ਮੰਤਵ ਪੰਜਾਬ ਨੂੰ ਸਿਹਤਮੰਦ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਬਣਾਉਣ ਲਈ ਯੋਗ ਨੂੰ ਜਨਤਕ ਮੁਹਿੰਮ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰੀਰ ਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ ਅਤੇ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜ ਅੰਗ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਯੋਗ ਆਸਣਾਂ ਰਾਹੀਂ ਚੰਗੀ ਸਿਹਤ ਤੇ ਸਾਫ਼-ਸਫ਼ਾਈ ਯਕੀਨੀ ਬਣਾਉਣ ਬਾਰੇ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਚੰਗਾ ਰੱਖਣਾ, ਸਗੋਂ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਚਿੰਤਾ ਮੁਕਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਧਦਾ ਮਾਨਸਿਕ ਤਣਾਅ ਹਰੇਕ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਅਤੇ ਯੋਗ ਇਸ ਤੋਂ ਲੋਕਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮਿਆਰੀ ਜੀਵਨ ਲਈ ਯੋਗ ਦੇ ਆਸਣਾਂ ਰਾਹੀਂ ਜੀਵਨ ਸ਼ੈਲੀ ਵਿੱਚ ਕੁੱਝ ਜ਼ਰੂਰੀ ਤਬਦੀਲੀਆਂ ਲਿਆ ਕੇ ਸਹੀ ਮਾਨਸਿਕ ਤੇ ਸਰੀਰਿਕ ਤਵਾਜ਼ਨ ਬਿਠਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਲੋਕਾਂ ਨੂੰ ਕਈ ਸਬਕ ਸਿਖਾਏ ਅਤੇ ਲੋਕਾਂ ਨੂੰ ਕੁਦਰਤ ਨਾਲ ਪਿਆਰ ਕਰਦਿਆਂ ਜੀਵਨ ਜੀਣ ਦਾ ਸਲੀਕਾ ਸਿਖਾਇਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਹਾਂਮਾਰੀ ਦੇ ਗੰਭੀਰ ਨਤੀਜੇ ਸਾਡੇ ਸਾਹਮਣੇ ਹਨ ਪਰ ਇਸ ਨੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕੀਤੀ। ਭਗਵੰਤ ਮਾਨ ਨੇ ਲੋਕਾਂ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਨਿਯਮਾਂ ਮੁਤਾਬਕ ਜ਼ਿੰਦਗੀ ਜੀਣ ਲਈ ਪ੍ਰੇਰਿਆ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਾਸਤੇ ਤਿਆਰੀ ਕਰਵਾਉਣ ਵਾਸਤੇ ਸੂਬਾ ਸਰਕਾਰ 10 ਅਤਿ-ਆਧੁਨਿਕ ਸੈਂਟਰ ਖੋਲ੍ਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਂਟਰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਲਈ ਨੌਜਵਾਨਾਂ ਨੂੰ ਮਿਆਰੀ ਸਿਖਲਾਈ ਮੁਹੱਈਆ ਕਰਨਗੇ ਤਾਂ ਕਿ ਉਹ ਸੂਬੇ ਤੇ ਦੇਸ਼ ਦੇ ਅਹਿਮ ਅਹੁਦਿਆਂ ਉਤੇ ਪੁੱਜ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਤਵ ਨੌਜਵਾਨਾਂ ਨੂੰ ਦੇਸ਼ ਦੇ ਸਭ ਤੋਂ ਸਨਮਾਨਯੋਗ ਅਹੁਦਿਆਂ ਉਤੇ ਪਹੁੰਚਾਉਣਾ ਹੈ, ਨਾ ਕਿ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਧੱਕ ਕੇ ਜੇਲ੍ਹਾਂ ਵਿੱਚ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਲਈ ਖੇਡਾਂ ਨੂੰ ਵੱਡੇ ਪੱਧਰ ਉਤੇ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀਆਂ ਵੱਡ ਆਕਾਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਲੱਖਾਂ ਖਿਡਾਰੀਆਂ ਨੇ ਭਾਗ ਲਿਆ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੇ 14 ਹਜ਼ਾਰ ਖੇਡ ਤੇ ਯੂਥ ਕਲੱਬਾਂ ਨੂੰ ਸੁਰਜੀਤ ਕਰ ਰਹੀ ਹੈ ਤਾਂ ਕਿ ਨੌਜਵਾਨਾਂ ਦੀ ਭਲਾਈ ਹਰ ਹੀਲੇ ਯਕੀਨੀ ਬਣੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ 500 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਤੇ ਡਾਇਗਨੌਸਟਿਕ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 21.21 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਕੁੱਝ ਹੀ ਮਹੀਨਿਆਂ ਵਿੱਚ ਲੱਖਾਂ ਹੀ ਹੋਰ ਮਰੀਜ਼ ਮੁਫ਼ਤ ਵਿੱਚ ਆਪਣੇ ਟੈਸਟ ਕਰਵਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਸੂਬਾ ਸਰਕਾਰ ਨੇ 25 ਫੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ 75 ਫੀਸਦੀ ਤੋਂ ਵੱਧ ਫ਼ਸਲ ਖ਼ਰਾਬ ਹੋਈ ਹੈ, ਉਨ੍ਹਾਂ ਨੂੰ ਸੂਬਾ ਸਰਕਾਰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਕਿਸੇ ਵੀ ਕੀਮਤ ਉਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਭਰ ਵਿੱਚ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਮੁਆਵਜ਼ਾ ਵੰਡਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਪੂਰੀ ਤਰ੍ਹਾਂ ਅੰਨਦਾਤਾ ਨਾਲ ਖੜ੍ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਹੋਰ ਵੱਡੀ ਕਿਸਾਨ ਪੱਖੀ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਦੀ ਮੁੜ ਅਦਾਇਗੀ ਰੋਕਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਤੇ ਐਨ.ਡੀ.ਏ ਵਰਗੇ ਪੇਸ਼ੇਵਰ ਤੇ ਮੁਕਾਬਲੇ ਵਾਲੇ ਕੋਰਸਾਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਕੂਲ ਨੌਜਵਾਨਾਂ ਨੂੰ ਵਿਸ਼ਵ ਪੱਧਰ ਉਤੇ ਹੋਰ ਮੁਲਕਾਂ ਦੇ ਨੌਜਵਾਨਾਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ। ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਯੋਗਸ਼ਾਲਾ ਦਾ ਇਹ ਤਜਰਬੇ ਕੌਮੀ ਰਾਜਧਾਨੀ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਨੇ ਇਨ੍ਹਾਂ ਤਜਰਬਿਆਂ ਨੂੰ ਕਾਫ਼ੀ ਵੱਡਾ ਹੁੰਗਾਰਾ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨੂੰ ਪੰਜਾਬ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ਵਿੱਚ ਪਟਿਆਲਾ, ਫਗਵਾੜਾ, ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਚਾਰ ਸ਼ਹਿਰਾਂ ਵਿੱਚ ਯੋਗਸ਼ਾਲਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਸੂਬੇ ਦੇ ਹੋਰ ਹਿੱਸਿਆਂ ਤੱਕ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਆਸਣ ਸਿਖਾਉਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵੱਲੋਂ ਇਨ੍ਹਾਂ ਨੂੰ ਰੋਕ ਦੇਣ ਤੱਕ ਦਿੱਲੀ ਦੇ 17 ਹਜ਼ਾਰ ਵਿਅਕਤੀ ਮੁਫ਼ਤ ਵਿੱਚ ਯੋਗ ਦੀ ਸਿਖਲਾਈ ਲੈ ਚੁੱਕੇ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਯੋਗ ਬਿਮਾਰੀਆਂ ਨੂੰ ਦੂਰ ਭਜਾ ਕੇ ਪੰਜਾਬੀਆਂ ਨੂੰ ਸਿਹਤਮੰਦ ਬਣਾਏਗਾ। ਉਨ੍ਹਾਂ ਸਿੱਖਿਆ, ਸਿਹਤ ਤੇ ਕਾਨੂੰਨ-ਵਿਵਸਥਾ ਦੇ ਖੇਤਰ ਵਿੱਚ ਕੀਤੀਆਂ ਕਈ ਮਿਸਾਲੀ ਪਹਿਲਕਦਮੀਆਂ ਲਈ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਪ੍ਰਾਪਤ ਜ਼ਿਆਦਾਤਰ ਗੈਂਗਸਟਰ ਅੱਜ ਸਲਾਖਾਂ ਪਿੱਛੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ਼ ਯਕੀਨੀ ਬਣੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਸੂਬੇ ਦੀਆਂ ਪੀੜ੍ਹੀਆਂ ਨੂੰ ਤਬਾਹ ਕਰਨ ਵਾਲਾ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਜਲਦੀ ਸਲਾਖਾਂ ਪਿੱਛੇ ਹੋਵੇਗਾ। ਕੇਜਰੀਵਾਲ ਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਫ਼ਰਾ-ਤਫ਼ਰੀ ਦੇ ਬਾਵਜੂਦ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਸੂਬਾ ਸਰਕਾਰ ਦੀ ਤਾਰੀਫ਼ ਕੀਤੀ। ਦਿੱਲੀ ਦੇ ਮੁੱਖ ਮੰਤਰੀ ਨੇ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਨਾਲ ਕਿਸਾਨਾਂ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਲਈ ਵੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਤੇ ਪੰਜਾਬੀਆਂ ਦੇ ਅਸਲ ਹਿਤੈਸ਼ੀ ਹਨ ਕਿਉਂਕਿ ਉਹ ਸਮਾਜ ਦੇ ਹਰੇਕ ਵਰਗ ਦੀ ਭਲਾਈ ਨਾਲ ਸਰੋਕਾਰ ਰੱਖਦੇ ਹਨ। ਕੇਜਰੀਵਾਲ ਨੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਨੌਜਵਾਨਾਂ ਨੂੰ ਸਰਗਰਮ ਸਹਿਯੋਗੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੁੱਕੇ ਕਦਮਾਂ ਦੀ ਵੀ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਮਾਗਮ ਵਿੱਚ ਪੁੱਜਣ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਸ਼ਹੀਦ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਲਈ 90 ਲੱਖ ਰੁਪਏ ਦੀ ਗਰਾਂਟ ਦਾ ਸੈਂਕਸ਼ਨ ਲੈਟਰ ਜ਼ਿਲ੍ਹਾ ਖੇਡ ਅਫ਼ਸਰ, ਪਟਿਆਲਾ ਨੂੰ ਸੌਂਪਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਤੇ ਕੁਲਵੰਤ ਸਿੰਘ ਬਾਜ਼ੀਗਰ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਈ ਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ ਐਸ ਪੀ ਵਰੁਣ ਸ਼ਰਮਾ, ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਲੋਕ ਸਭਾ ਕੋਆਰਡੀਨੇਟਰ ਇੰਦਰਜੀਤ ਸਿੰਘ ਸੰਧੂ, ਜਰਨੈਲ ਸਿੰਘ ਮੰਨੂ, ਜਗਦੀਪ ਸਿੰਘ ਜੱਗਾ, ਐਡਵੋਕੇਟ ਰਾਹੁਲ ਸੈਣੀ, ਮਹਿਲਾ ਆਗੂ ਪ੍ਰੀਤੀ ਮਲਹੋਤਰਾ ਤੇ ਵੀਰਪਾਲ ਕੌਰ ਚਹਿਲ, ਮੇਜਰ ਰਮਨ ਮਲਹੋਤਰਾ, ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਵੀ ਸੀ ਰਾਹੁਲ ਗੁਪਤਾ ਤੇ ਯੋਗ ਸਲਾਹਕਾਰਾਂ ਸਮੇਤ ਵੱਡੀ ਗਿਣਤੀ ਵਿਦਿਆਰਥੀ, ਅਧਿਆਪਕ ਤੇ ਹੋਰ ਪਤਵੰਤੇ ਮੌਜੂਦ ਸਨ।
News 05 April,2023
ਜ਼ਿਲ੍ਹੇ ਦੀਆਂ ਵੱਖ ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਤ
- ਸਰਕਾਰੀ ਮਹਿੰਦਰਾ ਕਾਲਜ ਤੇ ਗਰੀਨ ਸਪਰਸ਼ ਫਾਊਂਡੇਸ਼ਨ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਇਆ ਸਮਾਗਮ ਪਟਿਆਲਾ, 16 ਮਾਰਚ: ਸਰਕਾਰੀ ਮਹਿੰਦਰਾ ਕਾਲਜ ਵੱਲੋਂ ਗਰੀਨ ਸਪਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਾਲਜ ਦੇ ਸੈਮੀਨਾਰ ਹਾਲ 'ਚ ਕਰਵਾਇਆ ਗਿਆ, ਇਸ ਦੌਰਾਨ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਆਪਣੇ ਆਪਣੇ ਖੇਤਰਾਂ 'ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਐਸ.ਐਮ.ਓ. ਮਾਤਾ ਕੁਸ਼ੱਲਿਆ ਹਸਪਤਾਲ ਡਾ. ਵੈਨੂੰ ਗੋਇਲ ਨੇ ਗਰੀਨ ਸਪਰਸ਼ ਫਾਊਂਡੇਸ਼ਨ ਤੇ ਸਰਕਾਰੀ ਮਹਿੰਦਰਾ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਮਿਲਿਆਂ ਇਹ ਸਨਮਾਨ ਜਿਥੇ ਉਨ੍ਹਾਂ ਨੂੰ ਆਪਣੇ ਖੇਤਰ 'ਚ ਹੋਰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰੇਗਾ, ਉਥੇ ਹੀ ਨੌਜਵਾਨ ਲੜਕੀਆਂ ਨੂੰ ਸਮਾਜ 'ਚ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਬਾਡੀ ਬਿਲਡਿੰਗ 'ਚ ਤਗਮਾ ਜਿੱਤਣ ਵਾਲੇ ਕੁਕੁਰਾਮ ਦੀ ਜੀਵਨ ਸਾਥੀ ਮੀਨੂੰ ਅਤੇ ਮੁਕੇਸ਼ ਕੁਮਾਰ ਦੀ ਧਰਮ ਪਤਨੀ ਰਾਜਵੰਤ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਮੀਨੂੰ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਮਹਿਲਾਵਾਂ ਘਰ ਰਹਿ ਕੇ ਵੀ ਆਪਣੇ ਪਤੀ ਅਤੇ ਬੱਚਿਆਂ ਨੂੰ ਕਾਮਯਾਬ ਬਣਾਉਣ 'ਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਮਹਿਲਾਵਾਂ ਨੇ ਆਪਣੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ। ਸਮਾਗਮ ਦੌਰਾਨ ਪੁਲਿਸ ਅਧਿਕਾਰੀ ਸਰਬਜੀਤ ਕੌਰ, ਡਾ. ਵੇਨੂੰ ਗੋਇਲ, ਮੈਡੀਕਲ ਅਫ਼ਸਰ ਮਾਤਾ ਕੁਸ਼ੱਲਿਆ ਹਸਪਤਾਲ ਡਾ. ਭਵਨੀਤ ਕੌਰ, ਅਧਿਆਪਕ ਗਗਨਦੀਪ ਕੌਰ, ਵਾਇਸ ਪ੍ਰਿੰਸੀਪਲ ਪ੍ਰੋ. ਕਵਲਜੀਤ ਕੌਰ, ਅੰਸ਼ਿਕਾ, ਰਵੀ, ਮੰਜੂ ਰਾਣੀ ਅਤੇ ਰਾਜਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ 'ਚ ਗਰੀਨ ਸਪਰਸ਼ ਫਾਊਂਡੇਸ਼ਨ ਦੇ ਵਰਿੰਦਰ ਸਿੰਘ ਨੇ ਸਾਰਿਆਂ ਨੂੰ ਸਮਾਗਮ 'ਚ ਪੁੱਜਣ ਲਈ ਧੰਨਵਾਦ ਕੀਤਾ। ਕੈਪਸ਼ਨ : ਡਾ. ਵੇਨੂੰ ਗੋਇਲ ਮਹਿਲਾਵਾਂ ਨੂੰ ਸਨਮਾਨਤ ਕਰਦੇ ਹੋਏ।
News 16 March,2023