ਯੂ.ਜੀ.ਸੀ.-ਸੀ.ਈ. ਸੀ. ਵੱਲੋਂ ਆਪਣਾ ‘ਐਜੂਕੇਸ਼ਨਲ ਵੀਡੀਓ ਫੈਸਟੀਵਲ’ ਕਰਵਾਇਆ ਜਾਵੇਗਾ ਪਟਿਆਲਾ ਵਿਖੇ

ਯੂ.ਜੀ.ਸੀ.-ਸੀ.ਈ. ਸੀ. ਵੱਲੋਂ ਆਪਣਾ ‘ਐਜੂਕੇਸ਼ਨਲ ਵੀਡੀਓ ਫੈਸਟੀਵਲ’ ਕਰਵਾਇਆ ਜਾਵੇਗਾ ਪਟਿਆਲਾ ਵਿਖੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਯੂ.ਜੀ.ਸੀ. ਅਤੇ ਸੀ.ਈ. ਸੀ., ਨਵੀਂ ਦਿੱਲੀ ਵੱਲੋਂ ਆਪਣਾ ‘ਯੂ.ਜੀ.ਸੀ.-ਸੀ.ਈ. ਸੀ. ਐਜੂਕੇਸ਼ਨਲ ਵੀਡੀਓ ਫ਼ੈਸਟੀਵਲ’ ਪਟਿਆਲਾ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵਿਖੇ ਕਰਵਾਇਆ ਜਾਣਾ ਹੈ। ਇਹ ਜਾਣਕਾਰੀ ਈ. ਐੱਮ. ਆਰ. ਸੀ., ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਦਿੱਤੀ ਜੋ ਇਨ੍ਹੀਂ ਦਿਨੀਂ ਯੂ.ਜੀ.ਸੀ. ਅਤੇ ਸੀ.ਈ. ਸੀ., ਵੱਲੋਂ ਕਰਵਾਏ ਜਾ ਰਹੇ ‘15ਵੇਂ ਪ੍ਰਕਿਰਤੀ ਇੰਟਰਨੈਸ਼ਨਲ ਡੌਕੂਮੈਂਟਰੀ ਫਿ਼ਲਮ ਫੈਸਟੀਵਲ’ ਵਿੱਚ ਸਿ਼ਰਕਤ ਕਰਨ ਲਈ ਗੁਜਰਾਤ ਦੇ ਅਹਿਮਦਾਬਾਦ ਵਿਖੇ ਗਏ ਹੋਏ ਹਨ।
ਦਲਜੀਤ ਅਮੀ ਨੇ ਦੱਸਿਆ ਕਿ ‘15ਵੇਂ ਪ੍ਰਕਿਰਤੀ ਇੰਟਰਨੈਸ਼ਨਲ ਡੌਕੂਮੈਂਟਰੀ ਫਿ਼ਲਮ ਫੈਸਟੀਵਲ’ ਦੇ ਸਮਾਪਨ ਸਮਾਰੋਹ ਵਿੱਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਸੀ. ਈ. ਸੀ. ਦੇ ਡਾਇਰੈਕਟਰ ਪ੍ਰੋ. ਜਗਤ ਭੂਸ਼ਣ ਨੱਢਾ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਨੱਢਾ ਨੇ ਇਹ ਵੀ ਇੱਛਾ ਪ੍ਰਗਟਾਈ ਕਿ ਈ. ਐੱਮ. ਆਰ. ਸੀ. ਪਟਿਆਲਾ ਇਸ ਫ਼ੈਸਟੀਵਲ ਵਿੱਚ ਦੇਸ ਭਰ ਵਿੱਚੋਂ ਸਿ਼ਰਕਤ ਕਰਨ ਵਾਲ਼ੀਆਂ ਹਸਤੀਆਂ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਲਿਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕਰਵਾਏਗਾ।
ਦਲਜੀਤ ਅਮੀ ਨੇ ਕਿਹਾ ਕਿ ਉਹ ਇਸ ਗੱਲ ਵਿੱਚ ਆਪਣਾ ਮਾਣ ਸਮਝਣਗੇ ਕਿ ਉਹ ਦੇਸ ਦੇ ਕੋਨੇ ਕੋਨੇ ਵਿੱਚੋਂ ਪੁੱਜਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਣਗੇ। ਫ਼ੈਸਟੀਵਲ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ਼ ਜਿੱਥੇ ਇੱਕ ਪਾਸੇ ਸਾਡੇ ਅਦਾਰੇ ਦੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਕੌਮੀ ਪੱਧਰ ਉੱਤੇ ਪੇਸ਼ ਕਰਨ ਦਾ ਮੌਕਾ ਮਿਲੇਗਾ ਉੱਥੇ ਹੀ ਸਥਾਨਕ ਵਿਦਿਆਰਥੀਆਂ ਅਤੇ ਫਿ਼ਲਮ ਜਗਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਸ ਰਾਸ਼ਟਰ ਪੱਧਰੀ ਫ਼ੈਸਟੀਵਲ ਵਿੱਚ ਸਿ਼ਰਕਤ ਕਰਨ ਅਤੇ ਇਸ ਖੇਤਰ ਦੇ ਮਾਹਿਰਾਂ ਨੂੰ ਸੁਣਨ ਵੇਖਣ ਦਾ ਵੀ ਮੌਕਾ ਮਿਲੇਗਾ।
ਸੀ.ਈ.ਸੀ. ਤੋਂ ਸੰਯੁਕਤ ਨਿਰਦੇਸ਼ਕ (ਸਾਫ਼ਟਵੇਅਰ) ਡਾ. ਸੁਨੀਲ ਮਹਿਰੂ ਨੇ ਦੱਸਿਆ ਕਿ ਯੂ.ਜੀ.ਸੀ. ਅਤੇ ਸੀ.ਈ. ਸੀ. ਵੱਲੋਂ ਦੋ ਵੱਡੇ ਫਿ਼ਲਮ ਫ਼ੈਸਟੀਵਲ ਕਰਵਾਏ ਜਾਂਦੇ ਹਨ। ‘ਪ੍ਰਕਿਰਤੀ ਇੰਟਰਨੈਸ਼ਨਲ ਡੌਕੂਮੈਂਟਰੀ ਫਿ਼ਲਮ ਫੈਸਟੀਵਲ’ ਵਿੱਚ ਵਿਸ਼ੇ ਪੱਖੋਂ ਜਿਨ੍ਹਾਂ ਚਾਰ ਵੱਖ-ਵੱਖ ਸ਼ਰੇਣੀਆਂ ਵਿੱਚ ਬਣੀਆਂ ਦਸਤਾਵੇਜ਼ੀ ਫਿ਼ਲਮਾਂ ਦੇ ਮੁਕਾਬਲੇ ਹੁੰਦੇ ਹਨ ਉਨ੍ਹਾਂ ਵਿੱਚ ਮਨੁੱਖੀ ਅਧਿਕਾਰ, ਵਿਕਾਸ, ਸਵੱਛ ਭਾਰਤ ਅਤੇ ਵਾਤਾਵਰਣ ਸ਼ਾਮਿਲ ਹਨ। ਦੂਜੇ ਪਾਸੇ ‘ਯੂ.ਜੀ.ਸੀ.-ਸੀ.ਈ. ਸੀ. ਐਜੂਕੇਸ਼ਨਲ ਵੀਡੀਓ ਫ਼ੈਸਟੀਵਲ’, ਜੋ ਕਿ ਪਟਿਆਲਾ ਵਿਖੇ ਹੋਣਾ ਹੈ, ਦੌਰਾਨ ਸਕ੍ਰਿਪਟ, ਕੈਮਰਾ, ਨਿਰਦੇਸ਼ਨ ਆਦਿ ਸ਼ਰੇਣੀਆਂ ਵਿੱਚ ਫਿ਼ਲਮ ਮੁਕਾਬਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਟੀਵਲ ਸੰਬੰਧੀ ਮਿਤੀ ਬਾਅਦ ਵਿੱਚ ਤੈਅ ਕਰ ਲਈ ਜਾਣੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਕੌਮੀ ਪੱਧਰ ਦੇ ਫ਼ੈਸਟੀਵਲ ਦੀ ਪ੍ਰਾਪਤੀ ਉੱਤੇ ਈ. ਐੱਮ. ਆਰ. ਸੀ. ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਈ. ਐੱਮ. ਆਰ. ਸੀ. ਪਟਿਆਲਾ ਵਿਖੇ ਇਨ੍ਹੀਂ ਦਿਨੀਂ ਹੋ ਰਹੀਆਂ ਸਰਗਰਮੀਆਂ ਦੀ ਕਨਸੋਅ ਕੌਮੀ ਪੱਧਰ ਤੱਕ ਫੈਲ ਰਹੀ ਹੈ ਜਿਸ ਦੀ ਬਦੌਲਤ ਯੂ.ਜੀ.ਸੀ. ਅਤੇ ਸੀ.ਈ.ਸੀ. ਵਰਗੇ ਕੌਮੀ ਅਦਾਰਿਆਂ ਨੇ ਆਪਣਾ ਅਜਿਹਾ ਵੱਕਾਰੀ ਸਮਾਗਮ ਕਰਵਾਉਣ ਲਈ ਇਸ ਕੇਂਦਰ ਉੱਤੇ ਭਰੋਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਟੀਵਲ ਦੇ ਆਯੋਜਨ ਨੂੰ ਮਿਸਾਲੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top