ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਨੇ ਡੀਨ ਖੋਜ ਦਫ਼ਤਰ ਦਾ ਆਟੋਮੇਸ਼ਨ ਸਾਫ਼ਟਵੇਅਰ ਕੀਤਾ ਜਾਰੀ
ਪਟਿਆਲਾ, 27 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਡੀਨ ਖੋਜ ਦਫ਼ਤਰ ਵੱਲੋਂ ਖੋਜ ਅਤੇ ਅਕਾਦਮਿਕ ਖੇਤਰ ਨਾਲ਼ ਜੁੜੇ ਆਪਣੇ ਸਮੁੱਚੇ ਕੰਮ-ਕਾਜ ਦੇ ਆਟੋਮੇਸ਼ਨ ਸਬੰਧੀ ਤਿਆਰ ਕਰਵਾਏ ਗਏ ਨਵੇਂ ਸਾਫ਼ਟਵੇਅਰ ਨੂੰ ਰਸਮੀ ਤੌਰ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਖੋਜ ਨਾਲ਼ ਸਬੰਧਤ ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਜਾਣਕਾਰੀ ਪ੍ਰਬੰਧਨ ਨੂੰ ਸੁਚਾਰੂ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਇੱਕ ਡਿਜੀਟਲ ਪਹਿਲਕਦਮੀ ਵਜੋਂ ਪ੍ਰਿਜ਼ਮ’ ਨਾਮਕ ਇਹ ਸਾਫ਼ਟਵੇਅਰ
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਿੰਡੀਕੇਟ ਰੂਮ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ। ਇਸ ਸਾਫ਼ਟਵੇਅਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਵੱਲੋਂ ਵਿਕਸਤ ਕੀਤਾ ਗਿਆ ਹੈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਪ੍ਰਸ਼ਾਸਕੀ ਅਤੇ ਖੋਜ ਕਾਰਜਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਆਟੋਮੇਸ਼ਨ ਸੁਵਿਧਾ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਾਫ਼ਟਵੇਅਰ ਦੇ ਸ਼ੁਰੂ ਹੋਣ ਨਾਲ਼ ਖੋਜਾਰਥੀਆਂ ਅਤੇ ਅਧਿਆਪਕਾਂ ਦੇ ਕੰਮ-ਕਾਜ ਵਿੱਚ ਵੱਡੀ ਸਹੂਲਤ ਪੈਦਾ ਹੋਵੇਗੀ ਅਤੇ ਦਫ਼ਤਰੀ ਪ੍ਰਕਿਰਿਆਵਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ।
ਉਨ੍ਹਾਂ ਖੋਜ ਸ਼ਾਖਾ ਅਤੇ ਇਸ ਸਾਫਟਵੇਅਰ ਨੂੰ ਵਿਕਸਤ ਕਰਨ ਵਾਲ਼ੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਦੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਮਿਆਰੀ ਪ੍ਰਾਪਤੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਐਪਲੀਕੇਸ਼ਨ ਦਾ ਵਿਕਾਸ ਯੂਨੀਵਰਸਿਟੀ ਦੀ ਅੰਦਰੂਨੀ ਤਕਨੀਕੀ ਮੁਹਾਰਤ ਅਤੇ ਸੰਸਥਾਗਤ ਡਿਜੀਟਲ ਅਤੇ ਪ੍ਰਸ਼ਾਸਕੀ ਕੁਸ਼ਲਤਾ ਅਤੇ ਸੁਚੱਜੇ ਅਕਾਦਮਿਕ ਪ੍ਰਸ਼ਾਸਨ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਡੀਨ ਖੋਜ ਪ੍ਰੋ. ਰਿਤੂ ਲਹਿਲ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਵਿੱਚ ਖੋਜਾਰਥੀ ਦੇ ਅਕਾਦਮਿਕ ਸਫ਼ਰ ਦੇ ਮਹੱਤਵਪੂਰਨ ਪੜਾਵਾਂ ਜਿਵੇਂ ਕਿ ਦਾਖਲਾ, ਸਿਨੋਪਸਿਸ ਜਮ੍ਹਾਂ ਕਰਵਾਉਣਾ, ਰਜਿਸਟ੍ਰੇਸ਼ਨ ਅਤੇ ਖੋਜ ਨਾਲ ਸਬੰਧਤ ਹੋਰ ਅਹਿਮ ਪੜਾਵਾਂ ਦਾ ਯੋਜਨਾਬੱਧ ਰਿਕਾਰਡ ਰੱਖਣਾ ਆਦਿ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਸਾਫ਼ਟਵੇਅਰ ਵਿੱਚ ਸੈਮੀਨਾਰ ਰਿਕਾਰਡ, ਖੋਜ ਪ੍ਰਗਤੀ ਦੇ ਵੇਰਵਿਆਂ ਅਤੇ ਸਬੰਧਤ ਅਕਾਦਮਿਕ ਗਤੀਵਿਧੀਆਂ ਦਾ ਪ੍ਰਬੰਧਨ, ਫੀਸ ਦੇ ਵੇਰਵਿਆਂ ਦੀ ਸਾਂਭ-ਸੰਭਾਲ ਅਤੇ ਨਿਗਰਾਨੀ ਆਦਿ ਸਹੂਲਤਾਂ ਵੀ ਪ੍ਰਾਪਤ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ ਰਿਕਾਰਡ ਨੂੰ ਡਿਜੀਟਾਈਜ਼ ਕਰਕੇ, ਕਾਰਜ-ਪ੍ਰਣਾਲੀ ਨੂੰ ਸਰਲ ਬਣਾ ਕੇ ਅਤੇ ਖੋਜਾਰਥੀ ਦੇ ਪੂਰੇ ਅਕਾਦਮਿਕ ਸਫ਼ਰ ਦੇ ਪ੍ਰਬੰਧਨ ਲਈ ਇੱਕ ਏਕੀਕ੍ਰਿਤ ਪ੍ਰਣਾਲੀ ਪ੍ਰਦਾਨ ਕਰਨਾ ਹੈ।ਇਹ ਸਾਫ਼ਟਵੇਅਰ ਯੂਨੀਵਰਸਿਟੀ ਦੀ ਖੋਜ ਸ਼ਾਖਾ ਅਤੇ ਵਿਭਾਗੀ ਖੋਜ ਦਫ਼ਤਰਾਂ ਵਿਚਕਾਰ ਤਾਲਮੇਲ ਨੂੰ ਸੁਖਾਲਾ ਬਣਾਵੇਗਾ।