ਕੋਈ ਵੀ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ : ਵਿਨੈ ਬੁਬਲਾਨੀ
ਪਟਿਆਲਾ, 23 ਨਵੰਬਰ : ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ-ਕਮ-ਰੋਲ ਅਬਜ਼ਰਵਰ ਵਿਨੈ ਬੁਬਲਾਨੀ ਨੇ 13-ਪਟਿਆਲਾ ਲੋਕ ਸਭਾ ਹਲਕੇ ਦੇ ਐਮ.ਪੀ., ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਐਮ.ਐਲ.ਏਜ਼., ਜ਼ਿਲ੍ਹੇ ਦੀਆਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਸਪੈਸ਼ਲ ਸਮਰੀ ਰਵੀਜ਼ਨ ਯੋਗਤਾ ਮਿਤੀ 01.01.2027 ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਵੀ ਮੌਜੂਦ ਸਨ।
ਵਿਨੈ ਬੁਬਲਾਨੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਚੱਲ ਰਹੀ ਇਸ ਸਪੈਸ਼ਲ ਸਮਰੀ ਰਵੀਜਨ ਦੌਰਾਨ ਪੂਰਨ ਸਹਿਯੋਗ ਕਰਨ ਅਤੇ ਜੇਕਰ ਕਿਸੇ ਯੋਗ ਵੋਟਰ ਦੀ ਵੋਟ ਅਤੇ ਖਾਸ ਕਰਕੇ ਨੌਜਵਾਨ ਵੋਟਰ ਦੀ ਵੋਟ ਬਣਨ ਤੋਂ ਰਹਿ ਗਈ ਹੈ ਤਾਂ ਉਸ ਦੀ ਵੋਟ ਜਰੂਰ ਬਣਵਾ ਲਈ ਜਾਵੇ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਪਟਿਆਲਾ ਡਵੀਜ਼ਨਲ ਕਮਿਸ਼ਨਰ-ਕਮ-ਰੋਲ ਅਬਜ਼ਰਵਰ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਪੈਸ਼ਲ ਸਮਰੀ ਰਵੀਜ਼ਨ ਦੇ ਚੱਲ ਰਹੇ ਅਤੇ ਬਾਕੀ ਰਹਿੰਦੇ ਪੜਾਅ ਦਾ ਸ਼ੈਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਾਫਟ ਇਲੈਕਟਰੋਲ ਰੋਲ ਦੀ ਪਬਲੀਕੇਸ਼ਨ ਮਿਤੀ 12 ਨਵੰਬਰ, ਦਾਅਵੇ ਤੇ ਇਤਰਾਜ ਜਮ੍ਹਾ ਕਰਵਾਉਣ ਲਈ 12 ਨਵੰਬਰ ਤੋਂ 11 ਦਸੰਬਰ ਤੱਕ, ਸਪੈਸ਼ਲ ਕੈਂਪ 6 ਦਸੰਬਰ, ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ 12 ਨਵੰਬਰ ਤੋਂ 28 ਦਸੰਬਰ ਤੱਕ ਅਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਮਿਤੀ 4 ਜਨਵਰੀ 2027 ਅਤੇ ਇਸੇ ਦਿਨ ਸਿਆਸੀ ਪਾਰਟੀਆਂ ਨਾਲ ਬੈਠਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਚੱਲ ਰਹੀ ਸਪੈਸ਼ਲ ਸਮਰੀ ਰਵੀਜ਼ਨ ਦੌਰਾਨ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਤਿੰਨ ਦੌਰੇ ਕਰਨਗੇ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਡਰਾਫਟ ਵੋਟਰ ਸੂਚੀ ਮਿਤੀ 12 ਨਵੰਬਰ 2026 ਅਨੁਸਾਰ ਪਟਿਆਲਾ ਜਿਲੇ ਦੇ ਕੁੱਲ ਵੋਟਰਾਂ ਦੀ ਗਿਣਤੀ ਨਿਮਨ ਅਨੁਸਾਰ ਹੈ, 1434888 ਜਿਸ ਵਿੱਚ ਮਰਦ 734438, ਔਰਤਾਂ 700404 ਅਤੇ ਤੀਜੇ ਲਿੰਗ ਵਾਲੇ 46 ਵੋਟਰ ਹਨ। ਇਸੇ ਤਰ੍ਹਾਂ ਰੈਸਨਲਾਈਜੇਸ਼ਨ ਉਪਰੰਤ ਪਟਿਆਲਾ ਜ਼ਿਲ੍ਹੇ ਦੇ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਪਹਿਲਾਂ 1861 ਅਤੇ 3 ਪੋਲਿੰਗ ਸਟੇਸ਼ਨਾ ਦਾ ਵਾਧਾ ਕਰਨ ਉਪਰੰਤ 1864 ਹੋ ਜਾਵੇਗੀ। ਇਸ ਤੋਂ ਬਿਨ੍ਹਾਂ ਮਿਤੀ 13 ਸਤੰਬਰ 2026 ਤੋਂ ਮਿਤੀ 23 ਨਵੰਬਰ 2026 ਤੱਕ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪ੍ਰਾਪਤ ਫਾਰਮਾਂ ਦਾ ਵੇਰਵੇ ਮੁਤਾਬਕ 30337 ਫਾਰਮ ਨੰਬਰ 6 ਪ੍ਰਾਪਤ ਹੋਏ ਜਦਕਿ ਫਾਰਮ ਨੰਬਰ 6 ਏ ਦੀ ਗਿਣਤੀ 120, ਫਾਰਮ ਨੰਬਰ 7 ਪ੍ਰਾਪਤ ਹੋਏ 8408, ਫਾਰਮ 8 ਨੰਬਰ 16485 ਪ੍ਰਾਪਤ ਹੋਏ ਹਨ।
ਮੀਟਿੰਗ ਦੌਰਾਨ ਰੋਲ ਅਬਜ਼ਰਵਰ ਨੇ ਵੱਲੋਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਬੀਐਲਓਜ ਅਤੇ ਸੁਪਰਵਾਈਜ਼ਰੀ ਅਫ਼ਸਰਾਂ ਨੂੰ ਲੋੜੀਂਦੀ ਅਤੇ ਯੋਗ ਸਿਖਲਾਈ ਪ੍ਰਦਾਨ ਕੀਤੀ ਜਾਵੇ, ਜਿੱਥੇ ਸੰਭਵ ਹੋਵੇ, ਉਸੇ ਪੋਲਿੰਗ ਏਰੀਏ ਦੇ ਸਥਾਨਕ ਬੀਐਲਓ ਦੀ ਨਿਯੁਕਤੀ ਨੂੰ ਤਰਜੀਹ ਦਿੱਤੀ ਜਾਵੇ। ਹਰੇਕ ਬੀਐਲਓ ਨੂੰ ਫਾਰਮ 6, 6ਏ, 7 ਅਤੇ 8 ਦੀ ਲੋੜ ਅਨੁਸਾਰ ਉਚਿਤ ਗਿਣਤੀ ਵਿੱਚ ਉਪਲਬਧ ਕਰਵਾਏ ਜਾਣ। ਆਨਲਾਈਨ ਫਾਰਮ ਭਰਨ ਸਬੰਧੀ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਨਲਾਈਨ ਅਰਜ਼ੀ ਦਾਖਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।
ਉਨ੍ਹਾਂ ਹੋਰ ਕਿਹਾ ਕਿ ਵੋਟਰ ਜਾਗਰੂਕਤਾ ਲਈ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਲੋੜੀਂਦੀਆਂ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ। ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਵਿਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣ ਅਤੇ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿ ਰਹੇ ਵਰਗਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਤੋਂ ਬਿਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਆਪਣੇ-ਆਪਣੇ ਹਲਕੇ ਦੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਨੁਮਾਇੰਦਿਆਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਕੀਤੀਆਂ ਜਾਣ ਅਤੇ ਉਹਨਾਂ ਨੂੰ ਫਾਰਮ ਨੰ.-6,6-ਏ, 7 ਅਤੇ ਫਾਰਮ-8 ਦੀ ਕਨਸੋਲੀਡੇਟਿਡ ਸੂਚੀਆਂ ਫਾਰਮ ਨੰ. 9,10 ਅਤੇ 11 ਵਿੱਚ ਹਫਤਾਵਰ ਤਿਆਰ ਕਰਕੇ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ।
ਵਿਨੈ ਬੁਬਲਾਨੀ ਨੇ ਇਹ ਵੀ ਹਦਾਇਤ ਕੀਤੀ ਕਿ ਨਵੀ ਵੋਟ ਦਰਜ਼ ਕਰਾਉਣਾ ਅਤੇ ਵੋਟਰ ਸੂਚੀ ਵਿੱਚੋ ਨਾਮ ਕਟਵਾਉਣ, ਖਾਸ ਕਰਕੇ ਫਾਰਮ-7 ਰਾਹੀਂ ਹੋਣ ਵਾਲੀਆਂ ਕੱਟੀਆ ਜਾਣ ਵਾਲੀਆਂ ਵੋਟਾਂ ਦੀ ਪ੍ਰਤੀਸ਼ਤਤਾ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾਵੇ। ਅਗਾਮੀ ਵਿਧਾਨ ਸਭਾ ਚੋਣਾਂ-2027 ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਆਪ ਕਾਰਵਾਈ ਕਰਨ ਦੇ ਆਧਾਰ ‘ਤੇ ਡੀਲੀਸ਼ਨ ਕਰਨ ਤੋਂ ਗੁਰੇਜ਼/ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ ਫਾਰਮ 6, 6ਏ, 7 ਅਤੇ 8 ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਬਣਨ ਵਾਲੇ 20 ਪੋਲਿੰਗ ਸਟੇਸ਼ਨਾਂ ਅਤੇ ਸਭ ਤੋਂ ਵੱਧ ਕੱਟੀਆਂ ਜਾਣ ਵਾਲੇ ਵਾਲੇ 20 ਪੋਲਿੰਗ ਸਟੇਸ਼ਨਾਂ ਦੀ ਮੁੜ ਤਸਦੀਕ ਕੀਤੀ ਜਾਵੇ।