ਪੰਜਾਬ ਰਾਜ ਵਿੱਚ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ 'ਜਨਗਣਨਾ - ਪੜਾਅ 2' ਚੱਲੇਗਾ
ਚੰਡੀਗੜ੍ਹ, 11 ਨਵੰਬਰ 2026 : ਜਨਗਣਨਾ 2027 ਦੇ ਦੂਜੇ ਪੜਾਅ ਦੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਲਈ ਡਿਜੀਟਲ ਐਲਈਡੀ ਵੈਨਾਂ ਨੂੰ ਅੱਜ ਯਾਨੀ 11 ਨਵੰਬਰ, 2026 ਨੂੰ ਸਵੇਰੇ 11:00 ਵਜੇ, ਡਾਇਰੈਕਟਰੇਟ ਆਫ਼ ਸੈਂਸਸ ਓਪਰੇਸ਼ਨਜ਼, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਤੋਂ ਡਾਇਰੈਕਟਰ ਡਾ. ਨਵਜੋਤ ਖੋਸਾ ਦੁਆਰਾ ਰਸਮੀ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵਾਹਨਾਂ ‘ਤੇ ਵੱਖ-ਵੱਖ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਕਿਊ.ਆਰ. ਕੋਡ ਵੀ ਦਿੱਤੇ ਗਏ ਹਨ, ਜੋ ਨਾਗਰਿਕਾਂ ਨੂੰ ਸਿੱਧੇ ਅਧਿਕਾਰਤ ‘ਨੈਸ਼ਨਲ ਸੈਂਸਸ ਪੋਰਟਲ’ ਨਾਲ ਜੋੜਦੇ ਹਨ, ਜਿੱਥੇ ਉਹ ਖੁਦ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।
ਡਾਇਰੈਕਟਰੇਟ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਮੁੱਚੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਡਿਜੀਟਲ ਵੈਨਾਂ ਸਬੰਧਿਤ ਜ਼ਿਲ੍ਹਿਆਂ ਵਿੱਚ ਮੁੱਖ ਕਸਬਿਆਂ, ਸ਼ਹਿਰੀ ਅਤੇ ਪੇਂਡੂ ਖੇਤਰਾਂ, ਬਾਜ਼ਾਰਾਂ ਅਤੇ ਹੋਰ ਪ੍ਰਮੁੱਖ ਜਨਤਕ ਸਥਾਨਾਂ ਨੂੰ ਕਵਰ ਕਰਨਗੀਆਂ ਜਿੱਥੇ ਲੋਕਾਂ ਦੀ ਆਵਾਜਾਈ ਸਭ ਤੋਂ ਵੱਧ ਹੁੰਦੀ ਹੈ।
ਇਸ ਮੁਹਿੰਮ ਦਾ ਉਦੇਸ਼ ਜਨਗਣਨਾ 2027, ਸਵੈ-ਗਣਨਾ ਅਤੇ ਆਬਾਦੀ ਦੀ ਗਣਨਾ ਦੇ ਮਹੱਤਵ ਬਾਰੇ ਆਮ ਲੋਕਾਂ ਵਿੱਚ ਵਿਆਪਕ ਜਾਗਰੂਕਤਾ ਪੈਦਾ ਕਰਨਾ ਅਤੇ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਯਕੀਨੀ ਬਣਾਉਣਾ ਹੈ। ਆਡੀਓ-ਵੀਡੀਓ ਮਾਧਿਅਮ ਰਾਹੀਂ ਜਾਣਕਾਰੀ ਦਾ ਪ੍ਰਸਾਰ ਕੀਤਾ ਜਾਵੇਗਾ।
ਇਸ ਵੈਨ ਦੀ ਸੁਚਾਰੂ ਆਵਾਜਾਈ, ਸਥਾਨਕ ਤਾਲਮੇਲ ਅਤੇ ਪ੍ਰਚਾਰ ਗਤੀਵਿਧੀਆਂ ਦੇ ਪ੍ਰਭਾਵੀ ਲਾਗੂਕਰਨ ਦੀ ਸਹੂਲਤ ਲਈ ਜ਼ਿਲ੍ਹੇ ਤੋਂ ਇੱਕ ਨਾਮਜ਼ਦ ਇਸਕਾਰਟ ਅਧਿਕਾਰੀ ਵੈਨ ਦੇ ਨਾਲ ਰਹੇਗਾ। ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰਾਂ ਨੇ ਡਿਜੀਟਲ ਵੈਨ ਦੇ ਵਿਸਥਾਰਤ ਰੂਟ ਪਲਾਨ ਨੂੰ ਅੰਤਿਮ ਰੂਪ ਦਿੱਤਾ ਹੈ, ਪ੍ਰਚਾਰ ਹੋਰਡਿੰਗਜ਼ ਲਗਾਉਣ ਲਈ ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਹੈ ਅਤੇ ਨੋਡਲ ਅਫ਼ਸਰ (ਪ੍ਰਚਾਰ) ਦੇ ਅਪਡੇਟ ਕੀਤੇ ਵੇਰਵੇ ਡਾਇਰੈਕਟਰੇਟ ਨੂੰ ਮੁਹੱਈਆ ਕਰਵਾਏ ਹਨ।
ਪੰਜਾਬ ਲਈ ਸਮਾਂ ਸੀਮਾ
ਜਨਗਣਨਾ 2027 ਦੋ ਪੜਾਆਂ ਵਿੱਚ ਕਰਵਾਈ ਜਾ ਰਹੀ ਹੈ। ਪਹਿਲਾ ਪੜਾਅ ਮਕਾਨਾਂ ਦੀ ਸੂਚੀਬੱਧਤਾ ਅਤੇ ਰਿਹਾਇਸ਼ੀ ਜਨਗਣਨਾ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ।
ਪੰਜਾਬ ਰਾਜ ਵਿੱਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚਲੇਗਾ, ਜਿਸਦੀ ਰੈਫਰੇਂਸ ਡੇਟ 5 ਜਨਵਰੀ 2027 ਰਾਤ 12 ਵਜੇ ਤੱਕ ਹੋਵੇਗੀ। ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ 2026 ਤੱਕ ਕੀਤੀ ਜਾ ਸਕੇਗੀ। ਨਾਗਰਿਕ ਜਨਗਣਨਾ ਨਾਲ ਸਬੰਧਤ 40 ਸਵਾਲਾਂ ਦੇ ਜਵਾਬ ਖੁਦ ਦੇਣ ਲਈ se.census.gov.in ਪੋਰਟਲ ‘ਤੇ ਲਾਗ ਇਨ ਕਰ ਸਕਦੇ ਹਨ। ਸਵੈ-ਗਣਨਾ ਪੋਰਟਲ 30 ਨਵੰਬਰ 2026 ਨੂੰ ਬੰਦ ਹੋ ਜਾਵੇਗਾ।