ਸੁਰੱਖਿਅਤ ਤੇ ਸ਼ਾਂਤਮਈ ਦੀਵਾਲੀ ਮਨਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ
ਪਟਿਆਲਾ, 10 ਨਵੰਬਰ – ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਆਪਸੀ ਸਦਭਾਵਨਾ, ਸੁਚੱਜੇ ਢੰਗ ਅਤੇ ਪੂਰਨ ਅਮਨ-ਅਮਾਨ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਵੀਆਂ ਵੱਲੋਂ ਪ੍ਰਸ਼ਾਸਨਿਕ ਨਿਯਮਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਤਿਉਹਾਰ ਮਨਾ ਕੇ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦਾ ਸਬੂਤ ਦਿੱਤਾ ਗਿਆ ਹੈ। ਸ਼ਹਿਰ ਵਾਸੀਆਂ ਦੇ ਇਸ ਸਹਿਯੋਗ ਸਦਕਾ ਹੀ ਦੀਵਾਲੀ ਦਾ ਤਿਉਹਾਰ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ।
ਦੱਸਣਯੋਗ ਹੈ ਕਿ ਇਸ ਦੌਰਾਨ ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਮੇਅਰ ਪੂਰੀ ਤਰ੍ਹਾਂ ਅਲਰਟ ਰਹੇ ਅਤੇ ਉਨ੍ਹਾਂ ਪੋਲੋ ਗਰਾਊਂਡ ਵਿਖੇ ਲਗਾਈ ਗਈ ਅਧਿਕਾਰਤ ਪਟਾਕਾ ਮਾਰਕੀਟ ਅਤੇ ਸ਼ਹਿਰ ਦੇ ਹੋਰ ਵੱਖ ਵੱਖ ਥਾਵਾਂ ਦਾ ਅਚਨਚੇਤ ਦੌਰਾ ਕਰਨ ਮਗਰੋਂ ਨਿਗਮ ਵਲੋਂ ਕੀਤੇ ਗਏ ਪੁਖਤਾ ਇੰਤਜਾਮਾਂ ਲਈ ਮੁਲਾਜਮਾਂ ਦੀ ਹੌਂਸਲਾ ਅਵਜਾਈ ਵੀ ਕੀਤੀ।
ਉਨ੍ਹਾਂ ਦੁਕਾਨਦਾਰਾਂ ਨੂੰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਦੁਕਾਨ ਅੱਗੇ ਅੱਗ ਬੁਝਾਊ ਯੰਤਰ, ਰੇਤ ਦੀਆਂ ਬਾਲਟੀਆਂ ਅਤੇ ਪਾਣੀ ਦੇ ਪੁਖ਼ਤਾ ਪ੍ਰਬੰਧ ਹੋਣੇ ਲਾਜ਼ਮੀ ਹਨ। ਮੇਅਰ ਨੇ ਸਪੱਸ਼ਟ ਕੀਤਾ ਕਿ ਸ਼ਹਿਰੀਆਂ ਦੀ ਜਾਨ-ਮਾਲ ਦੀ ਰਾਖੀ ਪ੍ਰਸ਼ਾਸਨ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਨਿਯਮਾਂ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੇਅਰ ਨੇ ਕਿਹਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਫ਼ਾਇਰ ਬ੍ਰਿਗੇਡ ਵਿਭਾਗ ਦੇ ਕੰਮਕਾਜ ਅਤੇ ਜ਼ਰੂਰੀ ਸਾਜ਼ੋ-ਸਾਮਾਨ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ 24 ਘੰਟੇ ਹਾਈ ਅਲਰਟ ’ਤੇ ਰਹਿਣ ਦੇ ਹੁਕਮ ਦਿੱਤੇ ਗਏ ਸਨ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ। ਇਸ ਮੌਕੇ ਸਪੋਰਟਸ ਵਿੰਗ ਦੇ ਚੇਅਰਮੈਨ ਨੀਲਾ ਕਾਂਤ (ਲੱਕੀ ਲਹਿਲ), ਡੀ.ਪੀ. ਸਤੀਸ਼ ਕੁਮਾਰ, ਡੀ.ਪੀ. ਸਨੀ ਸੁਰਜਨ ਸਮੇਤ ਨਿਗਮ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੀ ਸਮੁੱਚੀ ਟੀਮ ਮੌਜੂਦ ਰਹੀ।