ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਹੋਈ ਮੌਤ
ਜਗਰਾਓਂ , 3 ਨਵੰਬਰ : ਬੀਤੇ ਕੁੱਝ ਦਿਨ ਪਹਿਲਾਂ ਜਗਰਾਓਂ ਨੇੜਲੇ ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਗੋਲੀਬਾਰੀ ਕਰਨ ਵਾਲਾ ਇਕ ਵਿਅਕਤੀ ਜੋਕਿ ਪੁਲਸ ਹਿਰਾਸਤ ਵਿਚ ਸੀ, ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਵਜੋ ਹੋਈ ਹੈ, ਜੋਕਿ ਪੁਲਸ ਹਿਰਾਸਤ ਵਿਚ ਸੀ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਤ ਦਸਿਆ ਜਾ ਰਿਹਾ ਸੀ, ਜਿਸਨੂੰ ਜਦੋ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਹੀ ਉਸ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਜਾਣਕਾਰੀ ਅਨੁਸਾਰ, ਗੁਰਦੁਆਰਾ ਸਾਹਿਬ ਦੇ ਅੰਦਰ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁੱਖ ਸੇਵਾਦਾਰ ਨੂੰ ਬਲੈਕਮੇਲ ਕਰਨ ਦੇ ਮਕਸਦ ਨਾਲ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।