ਨੇਪਾਲ ’ਚ ਹੜਾਂ ਕਾਰਨ ਮਚੀ ਤਬਾਹੀ : ਮਰਨ ਵਾਲਿਆਂ ਦੀ ਗਿਣਤੀ 162 ਤੱਕ ਪੁੱਜੀ
ਕਾਠਮੰਡੂ, 27 ਅਗਸਤ : ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 162 ਹੋ ਗਈ ਹੈ। ਇਸ ਕੁਦਰਤੀ ਆਫ਼ਤ ਨੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ, ਜਦਕਿ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਵਿਦੇਸ਼ੀ ਸੈਲਾਨੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਈ ਘਰ ਅਤੇ ਹੋਰ ਜਾਇਦਾਦਾਂ ਵੀ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਈਆਂ ਹਨ।
ਉੱਧਰ ਕਰਨਾਟਕ ਦੇ ਉਪ ਮੁੱਖ ਮੰਤਰੀ ਜੀ. ਪਰਮੇਸ਼ਵਰ ਨੇ ਵੀਰਵਾਰ ਨੂੰ ਦੱਸਿਆ ਕਿ ਨੇਪਾਲ ਦੀ ਯਾਤਰਾ ’ਤੇ ਗਏ ਬੰਗਲੁਰੂ ਦੇ ਪੰਜ ਨਿਵਾਸੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ।
175 ਲਾਸਾਂ ਕੀਤੀਆਂ ਜਾ ਚੁਕੀਆਂ ਹਨ ਬਰਾਮਦ
ਨੇਪਾਲੀ ਦੂਤਾਵਾਸ ਦੇ ਸੂਤਰਾਂ ਅਨੁਸਾਰ ਹੁਣ ਤੱਕ 175 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਸਥਾਨਕ ਲੋਕਾਂ ਅਤੇ ਸੈਲਾਨੀਆਂ ਸਮੇਤ ਕਈ ਵਿਅਕਤੀਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਪਲਬਧ ਤਾਜ਼ਾ ਜਾਣਕਾਰੀ ਮੁਤਾਬਕ 28 ਦੇਸ਼ਾਂ ਦੇ 476 ਲੋਕ ਲਾਪਤਾ ਦੱਸੇ ਗਏ ਹਨ। ਹਾਲਾਂਕਿ, ਖੋਜ ਅਤੇ ਬਚਾਅ ਕਾਰਜ ਜਾਰੀ ਹੋਣ ਕਾਰਨ ਲਾਪਤਾ ਲੋਕਾਂ ਅਤੇ ਮ੍ਰਿਤਕਾਂ ਦੇ ਅੰਕੜਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਭਾਰਤ ਨੇ ਨੇਪਾਲ ਵਿਚ ਰਾਹਤ ਕਾਰਜ ਕੀਤੇ ਤੇਜ
ਇਸ ਦੌਰਾਨ ਭਾਰਤ ਨੇ ਵੀ ਨੇਪਾਲ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਭਾਰਤੀ ਹਵਾਈ ਸੈਨਾ ਦਾ ਦੂਜਾ ਜਹਾਜ਼ 37.5 ਟਨ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (HADR) ਸਮੱਗਰੀ ਲੈ ਕੇ ਹਿੰਡਨ ਤੋਂ ਨੇਪਾਲ ਲਈ ਰਵਾਨਾ ਹੋਇਆ। ਇਸ ਜਹਾਜ਼ ਵਿੱਚ ਦਵਾਈਆਂ ਅਤੇ ਭੋਜਨ ਦੇ ਪੈਕੇਟ ਸਮੇਤ ਹੋਰ ਲੋੜੀਂਦੀ ਰਾਹਤ ਸਮੱਗਰੀ ਭੇਜੀ ਗਈ ਹੈ।
ਨੇਪਾਲ ਵਿੱਚ ਮੌਜੂਦਾ ਆਫ਼ਤ ਦੇ ਮੱਦੇਨਜ਼ਰ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨੇ ਵੀ ਐਮਰਜੈਂਸੀ ਸਹਾਇਤਾ ਦੀ ਲੋੜ ਵਾਲੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ’ਤੇ ਐਮਰਜੈਂਸੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ WhatsApp ਰਾਹੀਂ ਵੀ ਸੰਪਰਕ ਦੀ ਸਹੂਲਤ ਉਪਲਬਧ ਹੈ। ਹੈਲਪਲਾਈਨ ਨੰਬਰ ਹਨ: +977 985 131 6807, +977 970 910 7500 ਅਤੇ +977 981 032 6117।
ਉਧਰ ਦੂਸਰੇ ਪਾਸੇ ਜੀ. ਪਰਮੇਸ਼ਵਰ ਨੇ ਇਹ ਵੀ ਕਿਹਾ ਕਿ ਨੇਪਾਲ ਵਿੱਚ ਫਸੇ ਲੋਕਾਂ ਲਈ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਵਾਸਤੇ ਕਰਨਾਟਕ ਸਰਕਾਰ ਵੱਲੋਂ ਇੱਕ ਸੀਨੀਅਰ ਅਧਿਕਾਰੀ ਨੂੰ ਕਾਠਮੰਡੂ ਭੇਜਿਆ ਜਾਵੇਗਾ। ਲੋੜ ਪੈਣ ’ਤੇ ਇੱਕ ਮੰਤਰੀ ਨੂੰ ਵੀ ਉੱਥੇ ਭੇਜਣ ਦਾ ਫੈਸਲਾ ਕੀਤਾ ਜਾ ਸਕਦਾ ਹੈ।