ਪੰਜਾਬ ਬੰਦ : ਬੰਦੀ ਸਿੰਘਾਂ ਦੀ ਰਿਹਾਈ ਲਈ ਮੁਕੰਮਲ ਤੌਰ ਤੇ ਰਹੀਆਂ ਦੁਕਾਨਾਂ ਬੰਦ
ਰਾਜਪੁਰਾ, 21 ਅਗਸਤ : ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੀ ਦਿੱਤੀ ਕਾਲ ਤਹਿਤ ਅੱਜ ਪੰਜਾਬ ਅੰਦਰ ਪੂਰਨ ਤੌਰ ਤੇ ਬਜਾਰ ਬੰਦ ਨਜਰ ਆਏ। ਸ਼ਹਿਰਾਂ ਅੰਦਰ ਵੀ ਦੁਕਾਨਾ ਬੰਦ ਹੀ ਰਹੀਆਂ। ਇਸੇ ਦੌਰਾਨ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ’ਤੇ ਬੰਦੀ ਸਿੰਘ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਬੁੱਤ ਲਗਾ ਕੇ ਕੀਤੇ ਗਏ ਪ੍ਰਦਰਸ਼ਨ ਨੇ ਖਾਸ ਧਿਆਨ ਖਿੱਚਿਆ।
ਜਾਣਕਾਰੀ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਲੋਕਾਂ ਵੱਲੋਂ ਆਪਣੇ-ਆਪਣੇ ਢੰਗ ਨਾਲ ਰੋਸ ਪ੍ਰਗਟ ਕੀਤਾ ਗਿਆ। ਮੋਟਰਸਾਈਕਲ ’ਤੇ ਲਗਾਏ ਗਏ ਬੁੱਤ ਦੇ ਹੱਥ ਵਿੱਚ ਇੱਕ ਕਿਤਾਬ ਫੜਾਈ ਗਈ ਸੀ, ਜਿਸ ਉੱਤੇ ‘ਬੰਦੀ ਸਿੰਘ ਰਿਹਾ ਕਰੋ ਤੇ ਪੰਜਾਬ ਨੂੰ ਬਚਾਓ’ਲਿਖਿਆ ਹੋਇਆ ਸੀ। ਦੱਸਿਆ ਗਿਆ ਕਿ ਇਹ ਵਿਅਕਤੀ ਵੱਖ-ਵੱਖ ਥਾਵਾਂ ’ਤੇ ਲੋਕਾਂ ਤੋਂ ਇਸ ਕਿਤਾਬ ’ਤੇ ਦਸਤਖ਼ਤ ਵੀ ਕਰਵਾ ਰਿਹਾ ਹੈ। ਇਸ ਪ੍ਰਦਰਸ਼ਨ ਰਾਹੀਂ ਉਸ ਵੱਲੋਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਹੁਣ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਸ ਵੱਲੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਇਨ੍ਹਾਂ ਵਿਅਕਤੀਆਂ ਦੀ ਰਿਹਾਈ ਦੇ ਮਾਮਲੇ ਨੂੰ ਸਰਕਾਰਾਂ ਵੱਲੋਂ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ।