ਜੰਮੂ ਦੇ ਰਾਮਬਨ ਵਿਚ ਨਿੱਜੀ ਗੱਡੀ ਨੇ ਤੋੜਿਆ ਨਾਕਾ: ਤਲਾਸ਼ੀ ਮੁਹਿੰਮ ਸ਼ੁਰੂ
ਰਾਮਬਨ, 7 ਅਗਸਤ 2026 : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸੁਰਖਿਆ ਕਰਮੀਆਂ ਵਲੋ ਲਗਾਏ ਨਾਕੇ ਨੂੰ ਅਚਾਨਕ ਇੱਕ ਨਿੱਜੀ ਗੱਡੀ ਵਲੋ ਤੋੜ ਦਿਤਾ ਗਿਆ ਤੇ ਫਰਾਰ ਹੋ ਗਈ, ਜਿਸਨੂੰ ਲੈ ਕੇ ਸੁਰਖਿਆ ਫੋਰਸਾਂ ਪੂਰੀ ਤਰ੍ਹਾ ਅਲਰਟ ਹੋ ਗਈਆਂ ਤੇ ਉਨਾ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਵਾਹਨ ਨੂੰ ਰੋਕਣ ਲਈ ਗੋਲੀਬਾਰੀ ਵੀ ਕੀਤੀ ਗਈ, ਪਰ ਡਰਾਈਵਰ ਕੁਝ ਦੂਰੀ ‘ਤੇ ਗੱਡੀ ਛੱਡ ਕੇ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਮੌਕੇ ਤੋਂ ਨਿਕਲ ਗਿਆ। ਅਧਿਕਾਰੀਆਂ ਮੁਤਾਬਕ ਇਹ ਘਟਨਾ ਸਵੇਰੇ ਕਰੀਬ 3:30 ਵਜੇ ਚੰਦਰਕੋਟ ਖੇਤਰ ਵਿੱਚ ਸਥਿਤ ਸੁਰੱਖਿਆ ਚੌਕੀ ‘ਤੇ ਵਾਪਰੀ। ਸ਼੍ਰੀਨਗਰ ਵੱਲੋਂ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਨੂੰ ਜਵਾਨਾਂ ਨੇ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਵਾਹਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਅਤੇ ਬੈਰੀਕੇਡ ਤੋੜਦਿਆਂ ਨਾਸ਼ਰੀ ਵੱਲ ਦੌੜਾ ਦਿੱਤਾ।
ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਸਕਾਰਪੀਓ ਦੇ ਟਾਇਰਾਂ ਨੂੰ ਨਿਸ਼ਾਨਾ ਬਣਾਕੇ ਤਿੰਨ ਰਾਊਂਡ ਫਾਇਰ ਕੀਤੇ, ਪਰ ਵਾਹਨ ਨਹੀਂ ਰੁਕਿਆ। ਪੁਲਿਸ ਦੇ ਲਗਾਤਾਰ ਪਿੱਛਾ ਕਰਨ ਤੋਂ ਬਾਅਦ ਡਰਾਈਵਰ ਨੇ ਡਾਲਵਾਸ ਨੇੜੇ ਸਕਾਰਪੀਓ ਨੂੰ ਸੜਕ ਕਿਨਾਰੇ ਲਾਵਾਰਿਸ ਹਾਲਤ ਵਿੱਚ ਛੱਡ ਦਿੱਤਾ ਅਤੇ ਫ਼ਰਾਰ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਮਬਨ ਦੇ ਐਸਐਸਪੀ ਅਰੁਣ ਗੁਪਤਾ ਮੌਕੇ ‘ਤੇ ਪਹੁੰਚੇ ਅਤੇ ਸ਼ੱਕੀ ਵਾਹਨ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਫੌਜ ਨੇ ਸਾਂਝੇ ਤੌਰ ‘ਤੇ ਇਲਾਕੇ ਵਿੱਚ ਵਿਆਪਕ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀਆਂ ਹਨ।