ਬੇਅਦਬੀ ਮਾਮਲੇ ਦੇ ਮੁਲਜਮ ਦਾ ਕੀਤਾ ਕਤਲ, ਘਰ ਵੜਕੇ ਕੀਤਾ ਹਮਲਾ
ਫਤਿਹਗੜ੍ਹ ਸਾਹਿਬ, 14 ਜੁਲਾਈ 2026 : ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਵਿਚਕਾਰ ਪੈਂਦੇ ਪਿੰਡ ਤੂਰਾਂ ਵਿੱਚ ਇਕ ਬੇਅਦਬੀ ਮਾਮਲੇ ਵਿਚ ਮੁਲਜਮ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਉਕਤ ਵਿਅਕਤੀ ਜਮਾਨਤ ਉਪਰ ਬਾਹਰ ਆਇਆ ਹੋਇਆ ਸੀ, ਜਿਸਨੂੰ ਉਸਦੇ ਘਰ ਵੜਕੇ ਕੁੱਝ ਵਿਅਕਤੀਆਂ ਨੇ ਰਾਤ ਸਮੇ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੇਵਾ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵਿੱਚ ਟੇਲਰਿੰਗ ਦਾ ਕੰਮ ਕਰਦਾ ਸੀ। ਉਹ ਕਰੀਬ ਪੰਜ ਸਾਲ ਪਹਿਲਾਂ ਵਾਪਰੀ ਬੇਅਦਬੀ ਦੀ ਇੱਕ ਘਟਨਾ ਵਿੱਚ ਨਾਮਜ਼ਦ ਸੀ ਅਤੇ ਇਸ ਸਮੇਂ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ।
ਮੁੱਢਲੀ ਜਾਂਚ ਮੁਤਾਬਕ, ਬੀਤੀ ਰਾਤ ਕਰੀਬ ਡੇਢ ਵਜੇ ਦੋ ਅਣਪਛਾਤੇ ਹਮਲਾਵਰਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਸੇਵਾ ਸਿੰਘ ਘਰੋਂ ਬਾਹਰ ਪਿਸ਼ਾਬ ਕਰਨ ਲਈ ਨਿਕਲਿਆ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।