ਨਵੀਂ ਦਿੱਲੀ, 2 ਜੁਲਾਈ 2026 : ਭਾਰਤ ਅਤੇ ਜਾਪਾਨ ਦੇ ਸਬੰਧ ਆਪਸੀ ਭਰੋਸੇ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਾਂਝੇ ਹਿੱਤਾਂ ‘ਤੇ ਆਧਾਰਿਤ ਹਨ, ਜਿਨਾ ਨੂੰ ਲੈ ਕੇ ਅੱਜ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨੀ ਪ੍ਰਧਾਨ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਦੋਵੇਂ ਦੇਸ਼ ਬਦਲਦੇ ਵਿਸ਼ਵ ਪਸੰਮੰਜ਼ਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਅਤੇ ਭਵਿੱਖ-ਕੇਂਦਰਿਤ ਬਣਾਉਣ ਲਈ ਮਿਲ ਕੇ ਅੱਗੇ ਵੱਧ ਰਹੇ ਹਨ।
ਭਾਰਤ ਅਤੇ ਜਾਪਾਨ ਦਰਮਿਆਨ ਰਣਨੀਤਕ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਅਹਿਮ ਦੁਵੱਲੀ ਮੀਟਿੰਗ ਕੀਤੀ। ਇਸ ਮੌਕੇ ਰਾਸ਼ਟਰਪਤੀ ਭਵਨ ਵਿਖੇ ਜਾਪਾਨੀ ਮਹਿਮਾਨ ਦਾ ਰਵਾਇਤੀ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਸੈਨਿਕ ਦਸਤਿਆਂ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ ਅਤੇ ਫੌਜੀ ਬੈਂਡ ਵੱਲੋਂ ਵਿਸ਼ੇਸ਼ ਸੰਗੀਤਕ ਪ੍ਰਸਤੁਤੀ ਵੀ ਦਿੱਤੀ ਗਈ।
ਦੋਵੇਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਆਰਥਿਕ ਸਹਿਯੋਗ, ਤਕਨਾਲੋਜੀ, ਨਿਵੇਸ਼, ਰੱਖਿਆ, ਖੇਤਰੀ ਸੁਰੱਖਿਆ ਅਤੇ ਆਪਸੀ ਰਣਨੀਤਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਨਾਲ ਜੁੜੇ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ।