ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ

ਪਟਿਆਲਾ, 18 ਜੂਨ – ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਤਿੰਨ ਰੋਜ਼ਾ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਭਾਸ਼ਾ ਵਿਗਿਆਨੀ ਕਾਨਫ਼ਰੰਸ ਆਰੰਭ ਹੋ ਗਈ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ, ਦ੍ਰਾਵਿੜ ਲਿੰਗੁਇਸਟਿਕਸ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜ ਲਿੰਗੁਇਸਟਿਕਸ ਵੱਲੋਂ ਸੀ. ਆਈ. ਆਈ. ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਸ਼ਾ ਦੀ ਮਹੱਤਤਾ ਨੂੰ ਬਹੁਤ ਹੀ ਗੰਭੀਰਤਾ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਆਪਸੀ ਸੰਚਾਰ ਜਾਂ ਰਾਬਤਾ ਕਾਇਮ ਕਰਨ ਦਾ ਸਾਧਨ ਨਹੀਂ ਹੈ, ਬਲਕਿ ਇਹ ਕਿਸੇ ਵੀ ਸਮਾਜ ਦੀ ਸੰਸਕ੍ਰਿਤੀ, ਅਮੀਰ ਵਿਰਾਸਤ ਅਤੇ ਉਸਦੀ ਹੋਂਦ ਦੀ ਪਛਾਣ ਦਾ ਪ੍ਰਤੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਭਾਸ਼ਾ ਅਲੋਪ ਹੁੰਦੀ ਹੈ, ਤਾਂ ਉਸ ਨਾਲ ਇੱਕ ਪੂਰਾ ਸੱਭਿਆਚਾਰ ਅਤੇ ਸਦੀਆਂ ਪੁਰਾਣਾ ਗਿਆਨ-ਵਿਗਿਆਨ ਵੀ ਖ਼ਤਮ ਹੋ ਜਾਂਦਾ ਹੈ। ਇਸ ਲਈ ਮੌਜੂਦਾ ਦੌਰ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਕਸਦ ਹੀ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ। ਯੂਨੀਵਰਸਿਟੀ ਵੱਲੋਂ ਭਾਸ਼ਾ ਵਿਗਿਆਨ ਅਤੇ ਖੇਤਰੀ ਬੋਲੀਆਂ ਦੇ ਵਿਕਾਸ ਅਤੇ ਖੋਜ ਲਈ ਲੰਮੇ ਸਮੇਂ ਤੋਂ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਅਜਿਹੀਆਂ ਕਾਨਫ਼ਰੰਸਾਂ ਉੱਤਰ ਅਤੇ ਦੱਖਣ ਦੀਆਂ ਭਾਸ਼ਾਵਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਅਤੇ ਅਕਾਦਮਿਕ ਖੋਜ ਦੇ ਨਵੇਂ ਦਿਸਹੱਦੇ ਕਾਇਮ ਕਰਨ ਵਿੱਚ ਮੀਲ ਪੱਥਰ ਸਾਬਤ ਹੁੰਦੀਆਂ ਹਨ।
ਤਾਮਿਲ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਐੱਲ.ਐੱਸ.ਆਈ. ਪੂਨਾ ਦੇ ਪ੍ਰਧਾਨ ਪ੍ਰੋ. ਕੇ. ਕਰੁਣਾਕਰਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਉੱਚ ਸਿੱਖਿਆ ਨੂੰ ਸਿਰਫ਼ ਅਕਾਦਮਿਕ ਸਿਧਾਂਤਾਂ ਅਤੇ ਡਿਗਰੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਨੂੰ ਸਮਾਜ ਦੀਆਂ ਵਿਆਪਕ ਲੋੜਾਂ ਪੂਰੀਆਂ ਕਰਨ ਵਾਲਾ ਹੋਣਾ ਚਾਹੀਦਾ ਹੈ। ਭਾਸ਼ਾ ਨੂੰ ਇੱਕ ਸ਼ਕਤੀਸ਼ਾਲੀ ਸਾਧਨ ਦੱਸਦਿਆਂ, ਉਨ੍ਹਾਂ ਕਿਹਾ ਕਿ ਗਿਆਨ ਦਾ ਲਾਭ ਤਾਂ ਹੀ ਹੈ ਜੇਕਰ ਇਸਨੂੰ ਸਪੱਸ਼ਟ ਰੂਪ ਵਿੱਚ ਸਮਾਜਿਕ ਭਲਾਈ ਲਈ ਸੰਚਾਰਿਤ ਕੀਤਾ ਜਾਵੇ। ਉਨ੍ਹਾਂ ਭਾਰਤ ਭਰ ਦੇ ਖੋਜ ਸੰਸਥਾਨਾਂ ਨੂੰ ਤੁਲਨਾਤਮਕ ਅਧਿਐਨਾਂ ਰਾਹੀਂ ਆਪਸੀ ਸਬੰਧ ਮਜ਼ਬੂਤ ਕਰਨ ਅਤੇ ਯੂਨੀਵਰਸਿਟੀਆਂ ਨੂੰ ਸਮਾਜਿਕ ਵਿਕਾਸ ਦੇ ਮਾਧਿਅਮ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਆਏ ਭਾਸ਼ਾ ਵਿਗਿਆਨ ਦੇ ਉੱਘੇ ਮਾਹਰ ਪ੍ਰੋ. ਐਮ. ਜੇ. ਵਾਰਸੀ ਨੇ ਆਪਣੇ ਮੁੱਖ-ਸੁਰ  ਭਾਸ਼ਣ ਦੌਰਾਨ ਭਾਰਤ ਦੀ ਭਾਸ਼ਾਈ ਵਿਰਾਸਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੁਮੇਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਏ.ਆਈ. ਤਕਨਾਲੋਜੀ ਨੂੰ ਭਾਸ਼ਾ ਵਿਗਿਆਨੀਆਂ ਦੀ ਸਹੀ ਅਗਵਾਈ ਮਿਲੇ, ਤਾਂ ਇਹ ਰਾਸ਼ਟਰੀ ਏਕਤਾ ਅਤੇ ਸਿੱਖਿਆ ਦੇ ਪਾਸਾਰ ਦਾ ਇੱਕ ਸ਼ਕਤੀਸ਼ਾਲੀ ਸਾਧਨ ਬਣ ਸਕਦੀ ਹੈ। ਉਨ੍ਹਾਂ ਨਵੀਂ ਸਿੱਖਿਆ ਨੀਤੀ 2020 ਦੇ ਬਹੁ-ਭਾਸ਼ਾਈ ਸੱਭਿਆਚਾਰ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਮੌਜੂਦਾ ਏ.ਆਈ. ਮਾਡਲਾਂ ਵਿੱਚ ਘੱਟ ਗਿਣਤੀ ਅਤੇ ਮੂਲ ਭਾਸ਼ਾਵਾਂ ਦੀ ਬਿਹਤਰ ਨੁਮਾਇੰਦਗੀ ਹੋਣੀ ਅਜੇ ਬਾਕੀ ਹੈ।
ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ, ਡੀ.ਐੱਲ.ਏ. ਦੇ ਵਾਈਸ-ਪ੍ਰੈਜੀਡੈਂਟ ਅਤੇ ਸਾਬਕਾ ਡੀਨ ਭਾਸ਼ਾਵਾਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਾਨਫ਼ਰੰਸ ਦੀ ਇਤਿਹਾਸਕ ਮਹੱਤਤਾ ‘ਤੇ ਰੌਸ਼ਨੀ ਪਾਉਂਦਿਆਂ ਦ੍ਰਾਵਿੜ ਅਤੇ ਇੰਡੋ-ਆਰੀਅਨ ਭਾਸ਼ਾ ਪਰਿਵਾਰਾਂ ਦੇ ਆਪਸੀ ਸਬੰਧਾਂ, ਭਾਸ਼ਾਈ ਤਾਣੇ-ਬਾਣੇ ਅਤੇ ਇਸ ਤਿੰਨ-ਰੋਜ਼ਾ ਸਮਾਗਮ ਦੇ ਮੁੱਖ ਅਕਾਦਮਿਕ ਏਜੰਡੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਪੰਜਾਬੀ ਵਿਭਾਗ ਦੇ ਮੁਖੀ ਅਤੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਰੂਪ-ਰੇਖਾ ਸਾਂਝੀ ਕੀਤੀ।
ਡੀ.ਐੱਲ.ਏ. ਦੇ ਡੀਨ ਅਤੇ ਆਈ.ਐੱਸ.ਡੀ.ਐੱਲ. ਦੇ ਡਾਇਰੈਕਟਰ, ਪ੍ਰੋ. ਜੀ. ਕੇ. ਪਨੀਕਰ ਨੇ ਸੰਸਥਾ ਦੇ ਮੋਢੀ ਵਿਦਵਾਨਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਇਤਿਹਾਸਕ ਕਰਾਰ ਦਿੱਤਾ।
Scroll to Top