ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕਰਵਾਇਆ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ

ਪਟਿਆਲਾ 15 ਜੂਨ – ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹਜ਼ੂਰੀ ਰਾਗੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਗੁਰਮਤਿ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਸਮੂਹ ਮੁਲਾਜ਼ਮਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਯੋਗਦਾਨ ਪਾ ਕਰਕੇ ਸਰਬੱਤ ਦੇ ਭਲੇ ਅਤੇ ਕੌਮ ਦੀ ਚੜ੍ਹਦੀਕਲਾ ਲਈ ਗੁਰਮਤਿ ਸਮਾਗਮ ਕਰਵਾਇਆ। ਉਨ੍ਹਾਂ ਦੱਸਿਆ ਕਿ ਸਮੂਹ ਮੁਲਾਜ਼ਮਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਜਿਹੜੇ ਕਾਰਜਾਂ ਵਿਚ ਉਹ ਲੱਗੇ ਹਨ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖਣ ਅਤੇ ਪਰਿਵਾਰਾਂ ਵਿਚ ਵੀ ਸੁੱਖ ਸ਼ਾਂਤੀ ਪ੍ਰਦਾਨ ਕਰਨ। ਇਸ ਹੋਰਨਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਅਧਿਕਾਰੀ ਅਤੇ ਸਮੂਹ ਸਟਾਫ ਮੈਂਬਰ ਸ਼ਾਮਲ ਸਨ।

ਸੰਗਰਾਂਦ ਅਤੇ ਮੱਸਿਆ ਦੇ ਪਵਿੱਤਰ ਦਿਹਾੜੇ ਮੌਕੇ ਕਰਵਾਇਆ ਅੰਮ੍ਰਿਤ ਸੰਚਾਰ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਗਰਾਂਦ ਅਤੇ ਮੱਸਿਆ ਦਿੇ ਪਵਿੱਤਰ ਦਿਹਾੜੇ ਮੌਕੇ  ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਪਾਸੋਂ 38 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪ੍ਰਾਹੁਲ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਲੈਣ ਵਾਲਿਆਂ ਵਿਚ ਮਹਿਲਾਵਾਂ, ਬਜ਼ੁਰਗ, ਛੋਟੇ ਬੱਚਿਆਂ ਆਦਿ ਸ਼ਾਮਲ ਸਨ। ਇਸ ਮੌਕੇ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਪ੍ਰਾਣੀਆਂ ਨੂੰ ਦੱਸਿਆ ਕਿ ਗੁਰੂ ਸਾਹਿਬ ਆਖਦੇ ਹਨ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੀ ਇਸ ਕਰਕੇ ਸਾਰੇ ਹੀ ਖੰਡੇ ਬਾਟੇ ਦੀ ਪ੍ਰਾਹੁਲ ਪ੍ਰਾਪਤ ਕਰਨ ਵਾਲੇ ਗੁਰੂ ਸਾਹਿਬ ਦੇ ਜਹਾਜੇ ਚੜੇ ਹਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣਾ ਹੀ ਮਨੁੱਖਤਾ ਦਾ ਪਹਿਲਾਂ ਕਰਤੱਵ ਹੈ।

Scroll to Top