ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਖੇਤ ਬਚਾਓ ਅਭਿਆਨ ਤਹਿਤ ਕੈਂਪਾਂ ਦਾ ਆਯੋਜਨ

ਪਟਿਆਲਾ, 15  ਜੂਨ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਪਿੰਡ ਘਣੀਵਾਲ, ਬਲਾਕ ਨਾਭਾ ਵਿਖੇ “ਖੇਤ ਬਚਾਓ ਅਭਿਆਨ” ਤਹਿਤ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਕਰਵਾਏ ਗਏ, ਜਿਸ ਵਿੱਚ ਇਲਾਕੇ ਦੇ ਉੱਦਮੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੀ ਅਗਵਾਈ ਕਰਦਿਆਂ ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਫ਼ਸਲ ਵਿਗਿਆਨ, ਕੇ.ਵੀ.ਕੇ. ਪਟਿਆਲਾ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ, ਫਸਲੀ ਰਹਿੰਦ-ਖੂਹੰਦ, ਜੀਵਾਣੂ ਖਾਦਾਂ ਅਤੇ ਹਰੀ ਖਾਦ ਦੀ ਵਰਤੋਂ ਲਾਜ਼ਮੀ ਤੌਰ ‘ਤੇ ਕਰਨ ਦੀ ਸਲਾਹ ਦਿੱਤੀ।

ਉਨ੍ਹਾਂ ਕਿਹਾ ਕਿ ਸੰਤੁਲਿਤ ਖਾਦ ਪ੍ਰਬੰਧਨ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੇਤੀ ਦੀ ਲਾਗਤ ਵਿੱਚ ਵੀ ਕਮੀ ਆਉਂਦੀ ਹੈ। ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਵਿਚ ਆਉਣ ਵਾਲੇ ਖੁਰਾਕੀ ਤੱਤਾਂ ਦੀਆਂ ਘਾਟਾਂ ਦੀਆਂ ਨਿਸ਼ਾਨੀਆਂ ਅਤੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਯੂਰੀਆ ਅਤੇ ਡੀ.ਏ.ਪੀ. ਵਰਗੀਆਂ ਖਾਦਾਂ ਦੀ ਵੱਧ ਵਰਤੋਂ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਬਿਜਾਈ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਡਾ. ਰਚਨਾ ਸਿੰਗਲਾ, ਪ੍ਰੋਫੈਸਰ, ਕੇ.ਵੀ.ਕੇ. ਪਟਿਆਲਾ ਨੇ ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ, ਨਰਸਰੀ ਦੀ ਅਗੇਤੀ ਬਿਜਾਈ ਤੋਂ ਬਚਣ ਅਤੇ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਕਿਸਾਨਾਂ ਨੂੰ ਘਰੇਲੂ ਪੱਧਰ ‘ਤੇ ਪੌਸ਼ਟਿਕ ਬਗੀਚੀ ਲਗਾਉਣ ਅਤੇ ਫਲਾਂ ਤੇ ਸਬਜ਼ੀਆਂ ਦੀ ਜੈਵਿਕ ਤਰੀਕਿਆਂ ਨਾਲ ਕਾਸ਼ਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ।  ਮਾਹਿਰਾਂ ਨੇ ਕਿਸਾਨਾਂ ਵੱਲੋਂ ਝੋਨੇ ਵਿੱਚ ਯੂਰੀਆ ਅਤੇ ਜ਼ਿੰਕ ਦੀ ਵਰਤੋਂ, ਨਾਲ ਹੀ ਝੋਨੇ ਦੇ ਮਧਰੇ ਬੂਟਿਆਂ ਅਤੇ ਝੂਠੀ ਕਾਂਗਿਆਰੀ ਦੇ ਰੋਗ ਸਬੰਧੀ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ।

Scroll to Top