100 ਦਿਨ ਟੀ.ਬੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਹਰਦਾਸਪੁਰ ਵਿਖੇ ਨਿਕਸ਼ੈ ਕੈਂਪ ਦਾ ਆਯੋਜਨ

ਪਟਿਆਲਾ 1 ਜੂਨ –  ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਪਟਿਆਲਾ ਵੱਲੋਂ ਬਲਾਕ ਕੌਲੀ ਅਧੀਨ ਪਿੰਡ ਹਰਦਾਸਪੁਰ ਵਿਖੇ ਨਿਕਸ਼ੈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਿੰਡ ਵਾਸੀਆਂ ਦੀ ਗੈਰ-ਸੰਚਾਰੀ ਬਿਮਾਰੀਆਂ (ਐਨਸੀਡੀ) ਅਤੇ ਟੀ.ਬੀ. ਦੀ ਮੁਫ਼ਤ ਸਕ੍ਰੀਨਿੰਗ ਕੀਤੀ ਗਈ।

ਇਸ ਮੌਕੇ ਜਿਲਾ ਟੀਬੀ ਅਫਸਰ ਡਾ.ਗੁਰਪ੍ਰੀਤ ਨਾਗਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਂਪ ਵਿੱਚ ਲੋਕਾਂ ਦਾ ਬਲੱਡ ਪ੍ਰੈਸ਼ਰ, ਰੈਂਡਮ ਬਲੱਡ ਸ਼ੂਗਰ, ਕੱਦ, ਵਜ਼ਨ ਅਤੇ ਬਾਡੀ ਮਾਸ ਇੰਡੈਕਸ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਸਕ੍ਰੀਨਿੰਗ ਕਰਕੇ ਮੁਫ਼ਤ ਛਾਤੀ ਦਾ ਐਕਸ-ਰੇ ਅਤੇ ਸੀਬੀਨੈਟ ਲਈ ਬਲਗਮ ਦੇ ਨਮੂਨੇ ਵੀ ਲਏ ਗਏ।

ਉਹਨਾਂ ਵੱਲੋਂ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਜਲਦੀ ਪਛਾਣ ਅਤੇ ਪੂਰਾ ਇਲਾਜ ਨਾ ਸਿਰਫ਼ ਮਰੀਜ਼ ਦੀ ਜ਼ਿੰਦਗੀ ਬਚਾਉਂਦਾ ਹੈ, ਸਗੋਂ ਬਿਮਾਰੀ ਦੇ ਫੈਲਾਅ ਨੂੰ ਵੀ ਰੋਕਦਾ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ, ਬੁਖ਼ਾਰ, ਵਜ਼ਨ ਘਟਣਾ ਜਾਂ ਹੋਰ ਟੀ.ਬੀ. ਸਬੰਧੀ ਲੱਛਣ ਹੋਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਦਾ ਲਾਭ ਲੈਣ।

Scroll to Top