ਚੰਡੀਗੜ੍ਹ, 28 ਮਈ : ਪੰਜਾਬ ਦੀ ਸਿਆਸਤ ਵਿੱਚ ਅਹਿਮ ਤਬਦੀਲੀ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਸੂਬਾ ਇਕਾਈ ਲਈ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹਾਈਕਮਾਂਡ ਵੱਲੋਂ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਜਿਕਰਯੋਗ ਹੈ ਕਿ ਪਾਰਟੀ ਦੇ ਇਸ ਫ਼ੈਸਲੇ ਨੂੰ ਆਉਣ ਵਾਲੇ ਸਮੇਂ ਦੀ ਸਿਆਸੀ ਤਿਆਰੀ ਅਤੇ ਸੰਗਠਨ ਦੇ ਵਿਸਥਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦਸ ਦਈਏ ਕਿ ਇਸ ਨਿਯੁਕਤੀ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕੇਵਲ ਸਿੰਘ ਢਿੱਲੋਂ ਮਾਲਵਾ ਖੇਤਰ ਵਿੱਚ ਪ੍ਰਭਾਵਸ਼ਾਲੀ ਸਿਆਸੀ ਚਿਹਰੇ ਵਜੋਂ ਜਾਣੇ ਜਾਂਦੇ ਹਨ। ਬਰਨਾਲਾ ਦੇ ਵਿਕਾਸ ਅਤੇ ਇਸ ਨੂੰ ਜ਼ਿਲ੍ਹੇ ਵਜੋਂ ਮਜ਼ਬੂਤ ਪਛਾਣ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਅਕਸਰ ਚਰਚਾ ਵਿੱਚ ਰਹੀ ਹੈ।
ਸਿਆਸੀ ਮਾਹਿਰਾਂ ਦੇ ਮੁਤਾਬਕ ਢਿੱਲੋਂ ਦੀ ਤਾਜ਼ਾ ਨਿਯੁਕਤੀ ਰਾਹੀਂ ਭਾਜਪਾ ਨੇ ਮਾਲਵਾ ਖੇਤਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ। ਖ਼ਾਸ ਕਰਕੇ ਕਿਸਾਨੀ ਅੰਦੋਲਨਾਂ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਪਾਰਟੀ ਆਪਣਾ ਜਨਅਧਾਰ ਵਧਾਉਣ ਦੀ ਰਣਨੀਤੀ ’ਤੇ ਕੰਮ ਕਰਦੀ ਨਜ਼ਰ ਆ ਰਹੀ ਹੈ।