ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੇ ਸਬੰਧ ਵਿਚ ਇਤਰਾਜ਼ਾਂ ਨੂੰ ਦੂਰ ਕਰੇ ਸਰਕਾਰ : ਹੈਡ ਗ੍ਰੰਥੀ

ਪਟਿਆਲਾ 13 ਮਈ – ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਭਾਗ ਸਿੰਘ ਦੀ ਯੋਗ ਅਗਵਾਈ ਵਿਚ ਇਕੱਤਰਤਾ ਕੀਤੀ ਅਤੇ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਸਬੰਧੀ ਦੀਰਘ ਵਿਚਾਰਾਂ ਕੀਤੀਆਂ ਗਈਆਂ।

ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਪਾਸ ਕੀਤਾ ਗਿਆ, ਜਿਸ ’ਤੇ ਸੰਗਤਾਂ ਦੇ ਇਤਰਾਜ਼ ਅਤੇ ਭਰਮ ਭੁਲੇਖੇ ਪੈਦਾ ਹੋ ਰਹੇ ਹਨ, ਜੋ ਪੰਜਾਬ ਸਰਕਾਰ ਨੂੰ ਦੂਰ ਕਰਨੇ ਚਾਹੀਦੇ ਹਨ।

ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਕਿਹਾ ਬੇਅਦਬੀਆਂ ਵਰਗੀਆਂ ਘਟਨਾਵਾਂ ਨੂੰ ਠੱਲਣ ਲਈ ਸਖਤ ਕਾਨੂੰਨ ਹੋਣਾ ਚਾਹੀਦਾ, ਪ੍ਰੰਤੂ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋੜਨ ਲਈ ਕਾਰਜਸ਼ੀਲ ਹੈ ਇਸ ਕਰਕੇ ਬੇਅਦਬੀ ਕਾਨੂੰਨ ਅੰਦਰ ਰੱਖੀਆਂ ਮਦਾਂ ਵਿਚ ਸੋਧ ਕਰਨਾ ਸਮੇਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਕੀਤੀ ਗਈ ਇਕੱਤਰਤਾ ਵਿਚ ਸਰਕਾਰ ਨੂੰ ਇਤਰਾਜ਼ ਦੂਰ ਕਰਨ ਲਈ ਆਖਿਆ ‌ਕਿਉਂਕਿ ਗ੍ਰੰਥੀ ਸਿੰਘਾਂ, ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵੱਲੋਂ ਵੱਡੇ ਤੌਖਲੇ ਪੈਦਾ ਹੋ ਰਹੇ ਹਨ, ਜਿਨਾਂ ਵੱਲੋਂ ਕੀਤੇ ਜਾ ਰਹੇ ਇਤਰਾਜ਼ਾਂ ’ਤੇ ਸੋਧ ਕੀਤੀ ਜਾਣੀ ਚਾਹੀਦੀ ਹੈ।

Scroll to Top