ਸਿਹਤ ਮੰਤਰੀ ਡਾ.ਬਲਬੀਰ ਸਿੰਘ ਵੱਲੋਂ ਆਈ ਸਕਰੀਨਿੰਗ ਕੈਂਪ ਦਾ ਕੀਤਾ ਗਿਆ ਨਿਰੀਖਣ

ਪਟਿਆਲਾ 27 ਅਪ੍ਰੈਲ –  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਪਿੰਡ ਲੰਗ ਵਿਖੇ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਆਈ ਸਕਰੀਨਿੰਗ ਕੈਂਪ ਦਾ ਨਿਰੀਖਣ ਕੀਤਾ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣੀ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਉਹਨਾਂ ਦੱਸਿਆ ਕਿ ਕੈਂਪਾਂ ਦੀ ਲੜੀ ਤਹਿਤ ਅੱਜ ਅੱਖਾਂ ਜਾਂਚ ਦਾ ਮੁਫਤ ਕੈਂਪ ਪਿੰਡ ਲੰਗ ਵਿਖੇ ਲਗਾਇਆ ਗਿਆ ਹੈ ਜਿਸ ਵਿੱਚ ਅੱਖਾਂ ਦੇ ਮਾਹਿਰ ਡਾ.ਪ੍ਰਿਯਾ ਮਿੱਤਲ ਨੇ ਕੈਂਪ ਵਿੱਚ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ। ਇਸ ਬਾਰੇ ਐਸ.ਐਮ.ਓ ਡਾ. ਨਾਗਰਾ ਨੇ ਦੱਸਿਆ ਕਿ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਤਹਿਤ ਅੱਜ ਪਿੰਡ ਲੰਗ ਵਿਖੇ 105 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਇਨ੍ਹਾਂ ਵਿੱਚੋਂ 65 ਦੇ ਲਗਭਗ ਲੋੜਵੰਦਾਂ ਨੂੰ ਐਨਕਾਂ ਵੀ ਵੰਡੀਆਂ ਗਈਆਂ। ਉਹਨਾਂ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਵਿੱਚ ਵੀ ਇਹ ਵਿਸ਼ੇਸ਼ ਕੈਂਪ ਜਾਰੀ ਰਹਿਣਗੇ, ਜਿਸ ਤਹਿਤ ਮਿਤੀ 28 ਅਪ੍ਰੈਲ ਨੂੰ ਪਿੰਡ ਬਕਸ਼ੀਵਾਲਾ ਵਿਖੇ ਅੱਖਾਂ ਦੀ ਜਾਂਚ ਦੇ ਮੁਫਤ ਵਿਸ਼ੇਸ਼ ਕੈਂਪ ਲੱਗੇਗਾ ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਕੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਵੱਲੋਂ ਆਸ਼ਾ ਵਰਕਰਾਂ ਨੂੰ ਆਸ਼ਾ ਵਰਕਰ ਦਿਵਸ ਮੌਕੇ ਸਰਟੀਫੀਕੇਟ ਦੇਕੇ ਸਨਮਾਨ ਕੀਤਾ। ਇਸ ਮੌਕੇ ਸਹਾਇਕ ਸਿਹਤ ਅਫਸਰ ਡਾ.ਇੰਦਰਪ੍ਰੀਤ ਰੰਧਾਵਾ, ਡਿਪਟੀ ਮਾਸ ਮੀਡੀਆ ਅਫਸਰ ਦਿਲਜੀਤ ਕੌਰ, ਬੀ.ਈ.ਈ ਸੁਖਜੀਤ ਸਿੰਘ, ਅਪਥੈਲਮਿਕ ਅਫਸਰ ਸ਼ੁਸ਼ਮਾ ਸਮੇਤ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।

Scroll to Top