ਪਟਿਆਲਾ 9 ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ, ਜਿਸ ਵਿਚ ਪੰਜਾਬ ਦੇ ਕਰਮਚਾਰੀਆਂ, ਪੈਨਸ਼ਨ ਧਾਰਕਾਂ ਨੂੰ ਉਨ੍ਹਾਂ ਦੇ ਬਣਦੇ ਡੀ.ਏ. ਦੇ ਪੂਰੇ ਬਕਾਏ 30 ਜੂਨ ਤੀਕ ਦੇਣ ਦੇ ਆਦੇਸ਼ ਹੋਏ ਹਨ। ਸਾਬਕਾ ਪ੍ਰਧਾਨ ਨੇ ਕਿਹਾ ਕਿ ਸੰਘਰਸ਼ ਕਰ ਰਹੇ ਮੁਲਾਜ਼ਮਾਂ ਕੋਲ ਅਦਾਲਤ ਹੀ ਇੱਕੋ ਇਕ ਰਾਹ ਸੀ, ਜਿਸ ਵਿਚ ਮੁਲਾਜ਼ਮਾਂ ਦੀ ਜਿੱਤ ਹੋਈ ਹੈ ਅਤੇ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਤਥਾ ਕਰਚਮਾਰੀਆਂ ਦੀਆਂ ਜਾਇਜ ਮੰਗਾਂ ਮੰਨਣ ਤੋਂ ਇਨਕਾਰੀ ਹੋ ਜਾਂਦੀਆਂ ਹਨ ਤਾਂ ਹੀ ਪੀੜਤ ਲੋਕਾਂ ਅਤੇ ਕਰਮਚਾਰੀਆਂ ਨੂੰ ਕਚਿਹਰੀ ਦਾ ਦਰਵਾਜਾ ਖੜਕਾਉਣਾ ਪੈਂਦਾ ਹੈ ਜੋ ਵਰਤਾਰਾ ਮੰਦਭਾਗਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ’ਤੇ ਸੰਘਰਸ਼ ਕਰ ਰਹੇ ਅਧਿਆਪਕ, ਮੁਲਾਜ਼ਮ ਅਤੇ ਨਰਸਾਂ ਤੱਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਆਮ ਜਨਤਾ ਵੀ ਅਜਿਹੇ ਸੰਘਰਸ਼ ਵਿਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀਆਂ ਨਰਸ ਬੱਚੀਆਂ ਵੀ ਆਪਣਾ 4600/- ਰੁਪਏ ਦਾ ਪੇ ਗ੍ਰੇਡ ਲੈਣ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਸਾਬਕਾ ਪ੍ਰਧਾਨ ਨੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਨਰਸ ਬੱਚੀਆਂ ਦੀਆਂ ਜਾਇਜ ਮੰਗਾਂ ਤੁਰੰਤ ਮੰਨਕੇ ਉਨ੍ਹਾਂ ਨੂੰ ਲੋਕ ਸੇਵਾ ਵਿਚ ਕਾਰਜਸ਼ੀਲ ਕਰਨ ਦੀ ਅਪੀਲ ਕੀਤੀ ਹੈ।