ਚੰਡੀਗੜ੍ਹ, 28 ਮਾਰਚ 2026 : ਪੰਜਾਬ ਸਰਕਾਰ ਦੀ ਅਪਰਾਧ ਖ਼ਿਲਾਫ਼ ਚਲ ਰਹੀ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਜਾਰੀ ਕੀਤੀ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਨੇ ਸ਼ੁਰੂਆਤ ਤੋਂ ਹੀ ਪ੍ਰਭਾਵਸ਼ਾਲੀ ਨਤੀਜੇ ਦਿੱਤੇ ਹਨ ਅਤੇ ਲੋਕ ਇਸਦਾ ਵੱਡੇ ਪੱਧਰ ‘ਤੇ ਉਪਯੋਗ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 21 ਜਨਵਰੀ 2026 ਤੋਂ ਹੁਣ ਤੱਕ ਹੈਲਪਲਾਈਨ ‘ਤੇ ਕੁੱਲ 590 ਇਨਪੁਟ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ, ਜਬਰੀ ਵਸੂਲੀ, ਗੈਂਗਸਟਰ ਗਤੀਵਿਧੀਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ 63 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 21 ਮਾਮਲੇ ਰੋਕਥਾਮ ਹਿਰਾਸਤ ਨਾਲ ਜੁੜੇ ਹਨ। ਇਹ ਕਾਰਵਾਈ ਦਰਸਾਉਂਦੀ ਹੈ ਕਿ ਲੋਕਾਂ ਦੀ ਸਹਿਭਾਗੀਤਾ ਨਾਲ ਅਪਰਾਧ ‘ਤੇ ਨਿਯੰਤਰਣ ਪਾਇਆ ਜਾ ਸਕਦਾ ਹੈ। ਉਨਾ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਹਾਲ ਵਿਚ ਨਹੀ ਬਖਸਿਆ ਜਾਵੇਗਾ।