ਪਟਿਆਲਾ : ਸ੍ਰੀ ਸਨਾਤਨ ਧਰਮ ਸਭਾ (ਰਜਿ.), ਪਟਿਆਲਾ ਦੇ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਸਨਾਤਨ ਭਵਨ ਵਿੱਚ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀ ਰਾਮ ਕਥਾ ਦੇ ਚੌਥੇ ਦਿਨ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਅਤੇ ਜਗਤ ਜਨਨੀ ਮਾਤਾ ਸੀਤਾ ਦਾ ਵਿਆਹ ਮਹੋਤਸਵ ਅਥਾਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਪਵਿੱਤਰ ਮੌਕੇ ‘ਤੇ ਸਭਾ ਦੇ ਪ੍ਰਧਾਨ ਸ੍ਰੀ ਲਾਲ ਚੰਦ ਜਿੰਦਲ ਨੇ ਸਮੂਹ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਾਤਾ ਸੀਤਾ ਅਤੇ ਭਗਵਾਨ ਸ਼੍ਰੀ ਰਾਮ ਦਾ ਮਿਲਾਪ ਸਿਰਫ਼ ਦੋ ਸ਼ਾਹੀ ਪਰਿਵਾਰਾਂ ਦਾ ਮਿਲਾਪ ਨਹੀਂ ਹੈ, ਸਗੋਂ ਸ਼ਕਤੀ ਅਤੇ ਭਗਤੀ ਦਾ ਉਹ ਪਵਿੱਤਰ ਸੰਗਮ ਹੈ ਜੋ ਯੁੱਗਾਂ-ਯੁੱਗਾਂ ਤੱਕ ਆਦਰਸ਼ ਵਿਆਹੁਤਾ ਜੀਵਨ ਦੀ ਦੇਸ਼ ਅਤੇ ਦੁਨੀਆ ਨੂੰ ਪ੍ਰੇਰਨਾ ਦਿੰਦਾ ਰਹੇਗਾ।
ਕਥਾ ਵਾਚਕ ਸੁਪ੍ਰਸਿੱਧ ਮਹਾਰਾਜ ਸੰਜੀਵ ਗੁਰੂ ਜੀ ਨੇ ਚੌਥੇ ਦਿਨ ਦੀ ਅੰਮ੍ਰਿਤਮਈ ਕਥਾ ਵਿੱਚ ਸੀਤਾ-ਰਾਮ ਵਿਆਹ ਦਾ ਬਹੁਤ ਹੀ ਸੁੰਦਰ ਵਰਣਨ ਕਰਕੇ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਗੁਰੂ ਜੀ ਨੇ ‘ਸੀਤਾ-ਸਵਯੰਵਰ’ ਦੇ ਪ੍ਰਸੰਗ ਨੂੰ ਸਜੀਵ ਕਰਦਿਆਂ ਦੱਸਿਆ ਕਿ ਮਿਥਿਲਾ ਨਰੇਸ਼ ਰਾਜਾ ਜਨਕ ਵੱਲੋਂ ਕਰਵਾਈ ਗਈ ਇਸ ਇਤਿਹਾਸਕ ਸਭਾ ਵਿੱਚ ਸ੍ਰੀ ਰਾਮ ਨੇ ਭਗਵਾਨ ਸ਼ਿਵ ਦੇ ਅਜਿੱਤ ਪਿਨਾਕ ਧਨੁਸ਼ ਨੂੰ ਤੋੜ ਕੇ ਮਾਤਾ ਸੀਤਾ ਨਾਲ ਵਿਆਹ ਰਚਾਇਆ ਸੀ।
ਮੱਘਰ ਮਹੀਨੇ ਦੀ ਸ਼ੁਕਲ ਪੱਖ ਦੀ ਪੰਚਮੀ ਦੇ ਉਸ ਮੰਗਲਕਾਰੀ ਦਿਨ ਹੋਏ ਇਸ ਵਿਆਹ ਨੂੰ ਅੱਜ ਵੀ ਭਗਤ ‘ਵਿਆਹ ਪੰਚਮੀ’ ਵਜੋਂ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਗੁਰੂ ਜੀ ਨੇ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ ਸ੍ਰੀ ਰਾਮ ਅਤੇ ਜਾਨਕੀ ਦਾ ਅਟੁੱਟ ਪਿਆਰ ਅਤੇ ਇੱਕ-ਦੂਜੇ ਪ੍ਰਤੀ ਸਮਰਪਣ ਹੀ ਸਨਾਤਨ ਸੰਸਕ੍ਰਿਤੀ ਦਾ ਮੂਲ ਆਧਾਰ ਹੈ।