ਮੋਦੀ ਕਾਲਜ ਵਿਖੇ ਸੋਸ਼ਲ ਸਾਇੰਸਜ਼ ਵਿਭਾਗ ਵੱਲੋਂ ਆਯੋਜਿਤ ਬਸੰਤ ਰੁੱਤ ਨੂੰ ਸਮਰਪਿਤ ‘ਮਲਹਾਰ ਉਤਸਵ’ ਦੀ ਸਮਾਪਤੀ

ਪਟਿਆਲਾ: 12 ਮਾਰਚ :  ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਅੱਜ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਸਿਰਜਣਾਤਮਕਤਾ ਅਤੇ ਕਲਾਤਮਿਕਤਾ  ਦੇ ਧਾਗੇ ਨਾਲ ਬੁਣੇ ਸੁੰਦਰ ਪ੍ਰੋਗਰਾਮ ‘ਮਲਹਾਰ’ ਦੀ ਸਮਾਪਤੀ ਹੋ ਗਈ। ਇਹ ਤਿੰਨ-ਰੋਜ਼ਾ ਜਸ਼ਨ ਬਸੰਤ ਦੇ ਮਨਮੋਹਕ ਮੌਸਮ ਨੂੰ ਸਮਰਪਿਤ ਸੀ।ਇਸ ਵਿੱਚ ਵੱਖ-ਵੱਖ ਅਕਾਦਮਿਕ ਗਤਿਵਧੀਆਂ, ਕਲਾਤਮਿਕ ਮੁਕਾਬਲਿਆਂ ਅਤੇ ਵਿਸ਼ੇਸ਼ ਭਾਸ਼ਣਾਂ ਦੇ ਆਯੋਜਨ ਰਾਹੀ ਵਿਦਿਆਰਥੀਆਂ ਨੂੰ ਰਚਨਾਤਮਿਕ ਸਿਰਜਣਾ ਅਤੇ ਕਲਾਤਮਿਕ ਪੇਸ਼ਕਾਰੀਆਂ ਦੀ ਸਮਰੱਥਾ ਨਾਲ ਰੂਬਰੂ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਕਾਲਜ ਦੇ ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਮਲਹਾਰ ਦਾ ਉਦਘਾਟਨ ਕੀਤਾ।  ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਬੇਅੰਤ ਸਿਰਜਣਾਤਮਿਕ ਸਮਰੱਥਾ ਅਤੇ ਰਚਨਾਤਮਕ ਪ੍ਰਤਿਭਾ ਨੂੰ ਪਹਿਚਾਨਣ ਅਤੇ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ।

ਬਸੰਤ ਉਤਸਵ ਮਲਹਾਰ ਦੌਰਾਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਮਾਜ ਸ਼ਾਸਤਰ ਵਿਭਾਗ ਅਤੇ ਵਿਮੈਨਜ਼ ਸਟੱਡੀਜ਼ ਐਂਡ ਡਿਵੈਲਪਮੈਂਟ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਚੇਅਰਪਰਸਨ, ਪ੍ਰੋਫੈਸਰ ਰਾਜੇਸ਼ ਗਿੱਲ ਵੱਲੋਂ ‘ਨੌਜਵਾਨ ਅਤੇ ਮਾਨਸਿਕ ਸਿਹਤ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਨੌਜਵਾਨ ਪੀੜ੍ਹੀ ਅਤੇ ਮਾਨਸਿਕ ਸਿਹਤ ਵਿਚਕਾਰ ਅੰਤਰ ਸਬੰਧ ਦੇ ਵਿਸ਼ੇ ‘ਤੇ ਚਰਚਾ ਕੀਤੀ ਅਤੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮਾਨਸਿਕ ਸਿਹਤ ਵਿਸ਼ਵ ਪੱਧਰ ‘ਤੇ ਪ੍ਰਮੁੱਖ ਮੁੱਦਿਆਂ ਵਿੱਚੋਂ ਇੱਕ ਹੈ।

ਆਪਣੇ ਵਿਸ਼ੇਸ਼ ਲੈਕਚਰ ਵਿੱਚ ਪ੍ਰੋ: ਰਿਤੂ ਲਹਿਲ, ਡੀਨ ਰਿਸਰਚ ਅਤੇ ਪ੍ਰੋਫੈਸਰ, ਸਕੂਲ ਆਖ਼ ਅਪਲਾਈਡ ਮੈਨੇਜਮੈਂਟ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ‘ਮਹਿਲਾ ਸਸ਼ਕਤੀਕਰਨ’ ਵਿਸ਼ੇ ‘ਤੇ ਚਰਚਾ ਕੀਤੀ।

ਸਮਾਜਿਕ ਵਿਗਿਆਨ ਵਿਭਾਗ ਨੇ ਮਨੋਵਿਗਿਆਨਕ ਟੈਸਟਾਂ ਦੁਆਰਾ ਅਤੇ ਮਨੋਵਿਗਿਆਨ ਵਿਭਾਗ ਦੁਆਰਾ ਡਿਜ਼ਾਈਨ ਕੀਤੀਆਂ ਆਈ.ਕਿਊ ਗੇਮਾਂ ਦਾ ਆਯੋਜਨ ਕੀਤਾ।ਇਸੇ ਤਰ੍ਹਾਂ ਫੈਕਲਟੀ ਮੈਂਬਰਾਂ ਅਤੇ ਸਟਾਫ ਲਈ ਵੀ ਇਸ ਦਾ ਇੱਕ ਵਿਸ਼ੇਸ਼ ਸ਼ੈਸ਼ਨ ਰੱਖਿਆ ਗਿਆ ।”ਭਾਵਨਾਤਮਕ ਇੰਟੈਲੀਜੈਂਸ ਟੈਸਟਿੰਗ” ਨੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ ਜਿਨ੍ਹਾਂ ਨੂੰ ਭਾਵਨਾਤਮਕ ਤੰਦਰੁਸਤੀ ਬਣਾਈ ਰੱਖਣ ਲਈ ਸਕੋਰ ਦੇ ਅਨੁਸਾਰ ਸਲਾਹ ਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ।

 

Scroll to Top