ਨਵੀਂ ਦਿੱਲੀ, 2 ਮਾਰਚ : ਇਰਾਨੀ ਅਤੇ ਇਜਰਾਈਲ ਵਿਚਾਲੇ ਚਲ ਰਹੇ ਹਮਲਿਆਂ ਦੌਰਾਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਰਾਇਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨਾਲ ਟੈਲੀਫ਼ੋਨ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਦੋਵਾਂ ਨੇ ਮੱਧ ਪੂਰਬ ਵਿੱਚ ਬਣੀ ਸਥਿਤੀ ਅਤੇ ਹਾਲੀਆ ਘਟਨਾਕ੍ਰਮ ’ਤੇ ਚਰਚਾ ਕੀਤੀ।
ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤਾਜ਼ਾ ਵਿਕਾਸਾਂ ’ਤੇ ਡੂੰਘੀ ਚਿੰਤਾ ਜਤਾਈ ਅਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਣਾਅ ਘਟਾਉਣ ਅਤੇ ਦੁਸ਼ਮਣੀ ਨੂੰ ਜਲਦੀ ਖਤਮ ਕਰਨ ਲਈ ਕਦਮ ਚੁੱਕਣ ਲਾਜ਼ਮੀ ਹਨ, ਤਾਂ ਜੋ ਖੇਤਰੀ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰਹੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਯੁਨਾਇਟਡ ਅਰਬ ਅਮੀਰੇਟਸ ਦੇ ਰਾਸ਼ਟਰਪਤੀ ਨਾਲ ਵੀ ਸੰਪਰਕ ਕਰਕੇ ਯੂਏਈ ’ਤੇ ਹੋਏ ਹਮਲਿਆਂ ਦੀ ਕੜੀ ਨਿੰਦਾ ਕੀਤੀ ਅਤੇ ਏਕਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੇ ਸੰਦੇਸ਼ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਨੇਤਨਯਾਹੂ ਨਾਲ ਖੇਤਰੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ ਹਨ ਅਤੇ ਭਾਰਤ ਦੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਅਗਾਹ ਕੀਤਾ ਹੈ ।