ਪਟਿਆਲਾ, 12 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ‘ਯੰਗ ਸਾਇੰਟਿਸਟ ਐਵਾਰਡ’ ਪ੍ਰਾਪਤ ਹੋਣ ‘ਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਫਾਰਮਾਸਿਊਟਿਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ ਦੀ ਮੋਲੇਕਿਊਲਰ ਮਾਡਲਿੰਗ ਲੈਬ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਇਹ ਐਵਾਰਡ ਚੰਡੀਗੜ੍ਹ ਵਿੱਚ ਹੋਈ 29ਵੀਂ ਪੰਜਾਬ ਸਾਇੰਸ ਕਾਂਗਰਸ ਮੌਕੇ ਪ੍ਰਦਾਨ ਕੀਤਾ ਗਿਆ।
ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਹੋਣਹਾਰ ਖੋਜਾਰਥੀਆਂ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੇ ਖੋਜਾਰਥੀ ਕੇਵਲ ਡਿਗਰੀਆਂ ਹਾਸਲ ਨਹੀਂ ਕਰ ਰਹੇ, ਸਗੋਂ ਉਹ ਅਜਿਹੇ ਹੱਲ ਲੱਭ ਰਹੇ ਹਨ, ਜੋ ਆਉਣ ਵਾਲੀਆਂ ਨਸਲਾਂ ਦੀ ਸਿਹਤ ਅਤੇ ਜੀਵਨ ਪੱਧਰ ਵਿੱਚ ਸੁਧਾਰ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਖੋਜਾਰਥੀਆਂ ਦੀ ਮਿਹਨਤ ਇਹ ਸਾਬਤ ਕਰਦੀ ਹੈ ਕਿ ਜੇਕਰ ਸਹੀ ਦਿਸ਼ਾ ਅਤੇ ਸਾਧਨ ਮਿਲਣ, ਤਾਂ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੋਹਿਤ ਨੂੰ ਸੈਕਸ਼ਨ-ਡੀ (ਮੈਡੀਕਲ, ਵੈਟਰਨਰੀ, ਨਰਸਿੰਗ, ਫਿਜ਼ਿਓਥੈਰੇਪੀ ਅਤੇ ਫਾਰਮਾਸਿਊਟਿਕਲ ਸਾਇੰਸਿਜ਼) ਦੇ ਅਧੀਨ ‘ਯੰਗ ਸਾਇੰਟਿਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਤਹਿਤ ਤਗ਼ਮਾ, ਪ੍ਰਮਾਣ-ਪੱਤਰ ਅਤੇ 7,500/- ਦੀ ਉਤਸ਼ਾਹੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਖੋਜਾਰਥੀ ਮੋਹਿਤ ਨੇ ਦੱਸਿਆ ਕਿ ਉਸ ਨੇ ਪ੍ਰੋਫ਼ੈਸਰ ਓਮ ਸਿਲਾਕਾਰੀ ਦੇ ਦਿਸ਼ਾ-ਨਿਰਦੇਸ਼ ਹੇਠ ਕਲੀਨਿਕਲੀ ਵਰਤੀਆਂ ਜਾਣ ਵਾਲੀਆਂ ਉਨ੍ਹਾਂ ਦਵਾਈਆਂ ਦੀ ਪਛਾਣ ‘ਤੇ ਕੰਮ ਕੀਤਾ ਹੈ, ਜੋ ਐਸੀਟਾਈਲਕੋਲੀਨਐਸਟਰੈਜ਼ ਨਾਮਕ ਐਂਜ਼ਾਈਮ ਨੂੰ ਰੋਕ ਸਕਦੀਆਂ ਹਨ। ਇਹ ਐਂਜ਼ਾਈਮ ਨਿਊਰੋਡੀਜਨਰੇਟਿਵ ਰੋਗਾਂ ਲਈ ਇੱਕ ਮਹੱਤਵਪੂਰਣ ਥੈਰਾਪਿਊਟਿਕ ਟਾਰਗੇਟ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਨਾਲ਼ ਭਵਿੱਖ ਵਿੱਚ ਅਲਜ਼ਾਈਮਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਵਿਕਾਸ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ।
ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਟੀਮ ਨੂੰ ਪੰਜਵੀਂ ਵਾਰ ਇਹ ਵੱਕਾਰੀ ਐਵਾਰਡ ਪ੍ਰਾਪਤ ਹੋਇਆ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੈਬ ਉੱਤਰ ਭਾਰਤ ਦੀਆਂ ਅਹਿਮ ਮੋਲੇਕਿਊਲਰ ਮਾਡਲਿੰਗ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ
ਵਿਭਾਗ ਮੁਖੀ ਪ੍ਰੋ. ਯੋਗਿਤਾ ਬਾਂਸਲ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਇਸ ਮਹੱਤਵਪੂਰਣ ਉਪਲਬਧੀ ਲਈ ਖੋਜਾਰਥੀ ਅਤੇ ਪ੍ਰੋ. ਸਿਲਾਕਾਰੀ ਦੀ ਸਮੁੱਚੀ ਖੋਜ ਟੀਮ ਨੂੰ ਵਧਾਈ ਦਿੱਤੀ।
ਵਰਣਨਯੋਗ ਹੈ ਕਿ ਫਾਰਮੇਸੀ ਵਿਭਾਗ ਦੀ ਇੱਕ ਹੋਰ ਖੋਜਾਰਥਣ ਅੰਜਲੀ ਸ਼ਰਮਾ ਨੂੰ ਵੀ ਕਾਨਫਰੰਸ ਵਿੱਚ ਸਰਵੋਤਮ ਪੋਸਟਰ ਐਵਾਰਡ ਪ੍ਰਾਪਤ ਹੋਇਆ ਹੈ।