ਇੰਫਾਲ, 10 ਫਰਵਰੀ : ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਇਕ ਵਾਰ ਫਿਰ ਹਿੰਸਾ ਭੜਕਨ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਹਨ, ਜਿਸ ਕਾਰਨ ਪ੍ਰਸ਼ਾਸ਼ਨ ਵਲੋ ਉਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ । ਤਾਜ਼ਾ ਘਟਨਾਕ੍ਰਮ ਦੌਰਾਨ ਅੱਜ ਸਵੇਰੇ ਲਿਟਨ ਸਰੇਈਖੌਂਗ ਇਲਾਕੇ ਵਿੱਚ ਕਈ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਪੁਲੀਸ ਅਧਿਕਾਰੀਆਂ ਅਨੁਸਾਰ, ਹਥਿਆਰਬੰਦ ਵਿਅਕਤੀਆਂ ਵੱਲੋਂ ਖਾਲੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਰਾਊਂਡ ਫਾਇਰ ਕੀਤੇ ਗਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਹੈ, ਹਾਲਾਂਕਿ ਸੁਰੱਖਿਆ ਬਲ ਮੌਕੇ ’ਤੇ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਹਾਲਾਤ ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਜਾਰੀ ਹੈ। ਉਧਰ ਦੂਸਰੇ ਪਾਸੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮਨੀਪੁਰ ਸਰਕਾਰ ਨੇ ਇਹਤਿਆਤ ਵਜੋਂ ਉਖਰੂਲ ਜ਼ਿਲ੍ਹੇ ਵਿੱਚ ਪੰਜ ਦਿਨਾਂ ਲਈ ਬ੍ਰਾਡਬੈਂਡ, ਵੀਪੀਐਨ ਅਤੇ ਵੀਸੈਟ ਸਮੇਤ ਸਾਰੀਆਂ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ।