ਮੋਦੀ ਕਾਲਜ ਵਿਖੇ ਯੂਨੀਅਨ ਬਜਟ 2026 ’ਤੇ ਪੈਨਲ ਚਰਚਾ ਦਾ ਆਯੋਜਨ

ਪਟਿਆਲਾ, 7 ਫਰਵਰੀ : ਅੱਜ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਯੂਨੀਅਨ ਬਜਟ 2026 ’ਤੇ ਇੱਕ ਵਿਸ਼ੇਸ਼ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ 2026 ਵਿੱਤੀ ਵਰੇ ਦੇ ਬਜਟ ਦੇ ਵਿਸ਼ਲੇਸ਼ਣ ਰਾਹੀਂ ਵਿਆਪਕ ਆਰਥਿਕ ਪ੍ਰਭਾਵਾਂ, ਕਰ ਪ੍ਰਣਾਲੀ, ਨਿਵੇਸ਼ ਖੇਤਰਾਂ, ਉਦਯੋਗਕ ਪ੍ਰਭਾਵਾਂ ਤੇ ਭਵਿੱਖਮੁਖੀ ਸੰਭਾਵਨਾਵਾਂ ਪ੍ਰਤੀ ਸੂਝ ਵਿਕਸਿਤ ਕਰਨਾ ਸੀ ਜਿਸ ਵਿੱਚ ਮਾਹਿਰਾਂ ਵੱਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਪਰਮੋਦ ਕੁਮਾਰ ਅਗਰਵਾਲ, ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ,ਚਾਰਟਰਡ ਅਕਾਊਂਟੈਂਟ ਸ਼੍ਰੀ ਮਹੇਸ਼ ਗਰਗ ਅਤੇ ਪਟਿਆਲਾ ਦੇ ਆਈਸੀਆਈਸੀਆਈ ਬੈਂਕ ਦੇ ਜ਼ੋਨਲ ਹੈੱਡ ਸ਼੍ਰੀ ਮਨੂ ਸ਼ਰਮਾ ਸ਼ਾਮਿਲ ਹੋਏ।।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਰਸਮੀ ਸਵਾਗਤ ਕਰਦਿਆਂ ਵਿਭਾਗ ਨੂੰ ਵਿਦਿਆਰਥੀਆਂ ਲਈ ਅਜਿਹੇ ਮੁੱਲਵਾਨ ਪ੍ਰੋਗਰਾਮ ਉਲੀਕਣ ਲਈ ਵਧਾਈ ਦਿੱਤੀ ਤੇ ਨਿਰੰਤਰ ਯਤਨਾਂ ਲਈ ਸ਼ਲਾਘਾ ਕੀਤੀ ।ਉਹਨਾਂ ਪੈਨਲਿਸਟ ਤੌਰ ਉੱਤੇ ਕਿਹਾ ਕਿ ਬਜਟ 2026 ਉਸ ਖਾਸ ਸਮੇਂ ਉੱਤੇ ਜਾਰੀ ਹੋਇਆ ਹੈ ਜਦੋਂ ਭਾਰਤ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ, ਮਹਿੰਗਾਈ ਦੇ ਦਬਾਅ ਅਤੇ ਸਥਿਰ ਵਿਕਾਸ ਦੀ ਲੋੜ ਨਾਲ ਜੂਝ ਰਿਹਾ ਹੈ। ਉਹਨਾਂ ਬਜਟ ਵਿੱਚ ਸਰਕਾਰੀ ਤਰਜੀਹਾਂ—ਖਾਸਕਰ ਨਿਰਮਾਣ, ਨਿਵੇਸ਼ ਅਤੇ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਵਾਲੇ ਖੇਤਰਾਂ ਬਾਰੇ ਔਰੇਂਜ ਇਕਾਨਾਮੀ, ਸੈਮੀਕੰਡਕਟਰਾਂ ’ਤੇ ਧਿਆਨ, ਰੇਅਰ ਅਰਥ ਐਲੀਮੈਂਟਸ, ਬਾਇਓਫਾਰਮਾ ਅਤੇ ਕਾਰਬਨ ਕ੍ਰੈਡਿਟ ਨੀਤੀ ਜਿਹੇ ਮੁੱਖ ਸੰਕੇਤਾਂ ’ਤੇ ਆਪਣਾ ਨਜ਼ਰੀਆ ਪੇਸ਼ ਕੀਤਾ।
ਮੈਕ੍ਰੋ ਆਰਥਿਕ ਨਜ਼ਰੀਏ ਨਾਲ ਪ੍ਰੋ.ਪਰਮੋਦ ਕੁਮਾਰ ਅਗਰਵਾਲ ਨੇ ਓਹਨਾ ਧਰਾਤਲਾਂ ਸੰਬੰਧੀ ਜਾਣਕਾਰੀ ਦਿੱਤੀ ਜਿੱਥੋਂ ਕੋਈ ਬਜਟ ਕਿਸੇ ਦੇਸ਼ ਦੇ ਵਿਕਾਸ, ਵਿੱਤੀ ਅਨੁਸ਼ਾਸਨ ਅਤੇ ਸਮਾਜਿਕ ਖਰਚੇ ਵਿਚਕਾਰ ਸੰਤੁਲਨ ਬਣਾਉਂਦਾ ਹੈ। ਉਨ੍ਹਾਂ ਨੇ ਵਰਤਮਾਨ ਵਿਸ਼ਵ ਸਥਿਤੀ ਵਿੱਚ ਸਰਕਾਰ ਦੇ ਜੀਡੀਪੀ ਵਿਕਾਸ, ਮਹਿੰਗਾਈ ਦਰ ਅਤੇ ਵਿੱਤੀ ਘਾਟੇ ਨਾਲ ਜੁੜੇ ਅਨੁਮਾਨਾਂ ਦੀ ਸਾਰਥਕਤਾ ’ਤੇ ਵੀ ਵਿਚਾਰ ਸਾਂਝੇ ਕੀਤੇ।
ਜਿੱਥੇ ਕਰ ਪ੍ਰਣਾਲੀ ਅਤੇ ਵਿੱਤੀ ਨੀਤੀ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਸ਼੍ਰੀ ਮਹੇਸ਼ ਗਰਗ ਨੇ ਮੁੱਖ ਕਰ ਸੁਧਾਰਾਂ, ਖਾਸਕਰ ਵਿਅਕਤੀਗਤ ਆਮਦਨੀ ਕਰ ਅਤੇ ਕਾਰਪੋਰੇਟ ਕਰਾਂ ਸੰਬੰਧੀ ਸਰਲ ਤੇ ਪ੍ਰਗਤੀ ਪੱਖ ਤੋਂ ਜਾਣੂ ਕਰਵਾਇਆ ਉਥੇ ਉਦਯੋਗ ਅਤੇ ਬੈਂਕਿੰਗ ਨਜ਼ਰੀਏ ਤੋਂ ਸ਼੍ਰੀ ਮਨੂ ਸ਼ਰਮਾ ਨੇ ਭਾਰਤੀ ਉਦਯੋਗ ਦੇ ਬਜਟ ਤੋਂ ਪ੍ਰਭਾਵਿਤ ਪੱਖਾਂ ਨੂੰ ਵਿਚਾਰਿਆ । ਉਨ੍ਹਾਂ ਨੇ ਨਿਵੇਸ਼ ਅਨੁਕੂਲ ਬਜਟ ਅਤੇ ਸਭ ਤੋਂ ਵੱਧ ਲਾਭ ਪ੍ਰਾਪਤੀ ਵਾਲੇ ਸੈਕਟਰਾਂ ਬਾਰੇ ਭਵਿੱਖਮੁਖੀ ਸੰਭਾਵਨਾਵਾਂ ਵੀ ਜ਼ਾਹਿਰ ਕੀਤੀਆਂ।
ਇਸ ਤੋਂ ਪਹਿਲਾਂ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਆਗਾਜ਼ ਕਰਦਿਆਂ ਦੱਸਿਆ ਕਿ ਯੂਨੀਅਨ ਬਜਟ ਕੇਵਲ ਇੱਕ ਵਿੱਤੀ ਬਿਆਨ ਨਹੀਂ ਹੁੰਦਾ, ਸਗੋਂ ਸਰਕਾਰ ਦੇ ਆਰਥਿਕ ਵਿਕਾਸ, ਵਿੱਤੀ ਸਥਿਰਤਾ, ਸਮਾਜਿਕ ਭਲਾਈ ਅਤੇ ਉਦਯੋਗਿਕ ਵਿਕਾਸ ਲਈ ਅਪਣਾਈ ਜਾਣ ਵਾਲੀ ਨੀਤੀ ਦਾ ਪ੍ਰਤੀਬਿੰਬ ਹੁੰਦਾ ਹੈ। ਇਸ ਉਪਰੰਤ ਅਰਥ ਸ਼ਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮਨਿੰਦਰ ਦੀਪ ਚੀਮਾ ਨੇ ਮਾਹਿਰਾਂ ਤੋਂ ਸਰੋਤਿਆਂ ਨੂੰ ਜਿੱਥੇ ਜਾਣੂ ਕਰਵਾਇਆ ਉਥੇ ਆਰਥਿਕ ਤੇ ਸਮਾਜਿਕ ਸੰਬੰਧਾ ਦੇ ਪ੍ਰਸੰਗ ਵਿੱਚ ਬਜਟ ਤੋਂ ਪ੍ਰਭਾਵਿਤ ਆਮ ਮਨੁੱਖ ਦੀ ਜੀਵਨ ਸ਼ੈਲੀ ਵਿਚਲੇ ਪਰਿਵਰਤਨਾਂ ਦੀ ਨਿਸ਼ਾਨਦੇਹੀ ਕੀਤੀ ।
Scroll to Top