ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਮਹਿਲਾ ਸਿਹਤ ਸੰਭਾਲ ਬਾਰੇ ਗੈਸਟ ਲੈਕਚਰ ਦਾ ਆਯੋਜਨ

ਪਟਿਆਲਾ, 5 ਫਰਵਰੀ : ਮਲਤਾਨੀ ਮਲ ਮੋਦੀ ਕਾਲਜ, ਪਟਿਆਲਾ ਦੀ ਐਨ.ਐਸ.ਐਸ. ਯੂਨਿਟ ਵੱਲੋਂ ਕਾਲਜ ਆਡੀਟੋਰੀਅਮ ਵਿੱਚ “ਮਹਿਲਾ ਸਿਹਤ ਸੰਭਾਲ– ਔਰਤਾਂ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਰੋਕਥਾਮ” ਵਿਸ਼ੇ ’ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਲੜਕੀਆਂ ਵਿੱਚ ਕੈਂਸਰ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਇਸ ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਰਾਜਾ ਪਰਮਜੀਤ ਸਿੰਘ ਬਨੀਪਾਲ, ਪ੍ਰੋਫੈਸਰ ਅਤੇ ਮੁਖੀ, ਰੇਡੀਏਸ਼ਨ ਓਨਕੋਲੋਜੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਸਨ। ਉਨ੍ਹਾਂ ਦੇ ਨਾਲ ਡਾ. ਰੀਨਤ ਵੀਰਕ, ਰੇਡੀਏਸ਼ਨ ਓਨਕੋਲੋਜੀ ਵਿਭਾਗ ਤੋਂ, ਨੇ ਵੀ ਸਹਿਯੋਗ ਦਿੱਤਾ। ਦੋਹਾਂ ਮਾਹਿਰ ਡਾਕਟਰ ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਮੈਡੀਕਲ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨਾਲ ਸਰਗਰਮ ਸੰਵਾਦ ਕੀਤਾ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ, ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਯਲ ਨੇ ਮਹਿਲਾ ਸਿਹਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਾਗਰੂਕਤਾ ਅਤੇ ਸਮੇਂ ਸਿਰ ਰੋਕਥਾਮ ਹੀ ਇੱਕ ਸਿਹਤਮੰਦ ਸਮਾਜ ਦੀ ਨੀਂਹ ਹੈ।

ਲੈਕਚਰ ਦੌਰਾਨ ਡਾ. ਰਾਜਾ ਪਰਮਜੀਤ ਸਿੰਘ ਬਨੀਪਾਲ ਨੇ ਭਾਰਤੀ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦੇ ਵਧ ਰਹੇ ਮਾਮਲਿਆਂ ’ਤੇ ਚਾਨਣ ਪਾਇਆ। ਉਨ੍ਹਾਂ ਨੇ ਮੈਮੋਗ੍ਰਾਫੀ ਅਤੇ ਐਚ.ਪੀ.ਵੀ. ਟੈਸਟ ਵਰਗੀਆਂ ਸਕ੍ਰੀਨਿੰਗ ਤਕਨੀਕਾਂ ਰਾਹੀਂ ਸਮੇਂ ਸਿਰ ਪਛਾਣ ਦੀ ਮਹੱਤਤਾ ਦੱਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਤੁਲਿਤ ਆਹਾਰ, ਨਿਯਮਿਤ ਵਰਜ਼ਿਸ਼ ਅਤੇ ਨੁਕਸਾਨਦਾਇਕ ਆਦਤਾਂ ਤੋਂ ਬਚਾਅ ਨੂੰ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਲਈ ਲਾਜ਼ਮੀ ਦੱਸਿਆ।
ਡਾ. ਰੀਨਤ ਵੀਰਕ ਨੇ ਮਹਿਲਾਵਾਂ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਵਿਦਿਆਰਥਣਾਂ ਨੂੰ ਬਿਨਾਂ ਹਿਚਕਿਚਾਹਟ ਸਮੇਂ ਸਿਰ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।

ਲੈਕਚਰ ਤੋਂ ਬਾਅਦ ਡਾ. ਰਾਜਾ ਪਰਮਜੀਤ ਸਿੰਘ ਬਨੀਪਾਲ ਅਤੇ ਡਾ. ਰੀਨਤ ਵੀਰਕ ਨੇ ਲੜਕੀਆਂ ਨਾਲ ਵਿਅਕਤੀਗਤ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ । ਮੰਚ ਸੰਚਾਲਨ ਐਨ.ਐਸ.ਐਸ. ਅਫਸਰ ਡਾ. ਦਵਿੰਦਰ ਸਿੰਘ ਵੱਲੋਂ ਕੀਤਾ ਗਿਆ ਅਤੇ ਮਹਿਮਾਨਾਂ ਦੀ ਜਾਣ-ਪਛਾਣ ਐਨ.ਐਸ.ਐਸ. ਅਫਸਰ ਡਾ. ਗਗਨਦੀਪ ਕੌਰ ਵੱਲੋਂ ਕਰਵਾਈ ਗਈ, ਜਦਕਿ ਡਾ. ਸੰਜੀਵ ਕੁਮਾਰ ਨੇ ਪੂਰੇ ਕਾਰਜਕ੍ਰਮ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ।
ਇਸ ਮੌਕੇ ਮੈਨੇਜਮੈਂਟ, ਵਿਗਿਆਨ ਅਤੇ ਹਿਊਮੈਨਿਟੀਜ਼ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।  ਲਗਭਗ 150 ਲੜਕੀਆਂ ਅਤੇ ਅਧਿਆਪਕਾਂ ਨੇ ਇਸ ਲੈਕਚਰ ਵਿੱਚ ਭਾਗ ਲਿਆ। ਇਹ ਪ੍ਰੋਗਰਾਮ ਬਹੁਤ ਹੀ ਜਾਣਕਾਰੀਪੂਰਕ ਅਤੇ ਪ੍ਰੇਰਕ ਸਾਬਤ ਹੋਇਆ, ਜਿਸ ਨੇ ਮਹਿਲਾ ਸਿਹਤ ਵਿੱਚ ਜਾਗਰੂਕਤਾ, ਸਮੇਂ ਸਿਰ ਸਕ੍ਰੀਨਿੰਗ ਅਤੇ ਰੋਕਥਾਮੀ ਸੇਵਾਵਾਂ ਦੀ ਮਹੱਤਤਾ ਨੂੰ ਉਭਾਰਿਆ।
ਅੰਤ ਵਿੱਚ ਧੰਨਵਾਦ ਪ੍ਰਸਤਾਵ ਮਿਸ ਕੁਸ਼ਲਦੀਪ ਕੌਰ, ਐਨ.ਐਸ.ਐਸ. ਵੋਲੰਟੀਅਰ ਅਤੇ ਬੀ.ਏ. ਭਾਗ-ਪਹਿਲਾ ਦੀ ਵਿਦਿਆਰਥਣ ਵੱਲੋਂ ਪੇਸ਼ ਕੀਤਾ ਗਿਆ।

Scroll to Top