ਦਿੱਲੀ, 4 ਫਰਵਰੀ : ਗਾਜ਼ੀਆਬਾਦ ਦੀ ਇੱਕ ਰਿਹਾਇਸ਼ੀ ਟਾਊਨਸ਼ਿਪ ਵਿੱਚ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਆਨਲਾਈਨ ਗੇਮ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਦਾ ਕਾਰਨ ਬਣ ਗਈ ਹੈ।
ਜਾਣਕਾਰੀ ਦੇ ਅਨੁਸਾਰ ਤਿੰਨ ਨਾਬਾਲਗ ਭੈਣਾਂ ਨੇ ਇਕੱਠਿਆਂ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ। ਪੁਲੀਸ ਮੁਤਾਬਕ ਇਹ ਕਦਮ ਮਾਪਿਆਂ ਵੱਲੋਂ ਉਨ੍ਹਾਂ ਦੀ ਹੱਦ ਤੋਂ ਵੱਧ ਆਨਲਾਈਨ ਗੇਮਿੰਗ ਆਦਤ ’ਤੇ ਰੋਕ ਲਗਾਉਣ ਤੋਂ ਬਾਅਦ ਚੁੱਕਿਆ ਗਿਆ।
ਮ੍ਰਿਤਕਾਂ ਦੀ ਪਛਾਣ 12 ਸਾਲਾ ਪਾਖੀ, 14 ਸਾਲਾ ਪ੍ਰਾਚੀ ਅਤੇ 16 ਸਾਲਾ ਵਿਸ਼ਿਕਾ ਵਜੋਂ ਹੋਈ ਹੈ। ਇਹ ਦਰਦਨਾਕ ਵਾਕਿਆ ਬੁੱਧਵਾਰ ਤੜਕੇ ਕਰੀਬ 2 ਵਜੇ ‘ਭਾਰਤ ਸਿਟੀ’ ਰਿਹਾਇਸ਼ੀ ਟਾਊਨਸ਼ਿਪ ਵਿੱਚ ਵਾਪਰਿਆ। ਇਸਮਾਮਲੇ ਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲੀਸ ਅਨੁਸਾਰ, ਆਨਲਾਈਨ ਗੇਮਿੰਗ ਦੀ ਆਦਤ ਕਾਰਨ ਲੜਕੀਆਂ ਨੇ ਸਕੂਲ ਜਾਣਾ ਵੀ ਲਗਭਗ ਛੱਡ ਦਿੱਤਾ ਸੀ, ਜਿਸ ਕਾਰਨ ਮਾਪੇ ਕਾਫ਼ੀ ਚਿੰਤਤ ਰਹਿੰਦੇ ਸਨ। ਮਾਪਿਆਂ ਵੱਲੋਂ ਗੇਮ ਖੇਡਣ ’ਤੇ ਇਤਰਾਜ਼ ਅਤੇ ਰੋਕ ਲਗਾਉਣ ਤੋਂ ਬਾਅਦ ਇਹ ਅਤਿ ਦੁਖਦਾਈ ਕਦਮ ਚੁੱਕਿਆ ਗਿਆ।