ਕੈਨੇਡਾ ਪ੍ਰਧਾਨ ਮੰਤਰੀ ਦਾ ਅਮਰੀਕਾ ਲਈ ਸਾਫ ਸੁਨੇਹਾ : ਅਲਬਰਟਾ ਵੱਖਵਾਦ ਮਾਮਲੇ ’ਤੇ ਕੈਨੇਡਾ ਸਖ਼ਤ

ਦਿਲੀ, 31 ਜਨਵਰੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਅਲਬਰਟਾ ਸੂਬੇ ਨਾਲ ਜੁੜੇ ਵੱਖਵਾਦੀ ਗਰੁੱਪਾਂ ਨਾਲ ਕੀਤੀਆਂ ਮੁਲਾਕਾਤਾਂ ਦੀਆਂ ਖ਼ਬਰਾਂ ’ਤੇ ਤਿੱਖਾ ਇਤਰਾਜ਼ ਦਰਜ ਕਰਵਾਇਆ ਹੈ। ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਵਿਦੇਸ਼ੀ ਦਖਲ ਦੀ ਕੋਈ ਗੁੰਜਾਇਸ਼ ਨਹੀਂ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਲਬਰਟਾ ਵੱਖਵਾਦ ਬਾਰੇ ਉਨ੍ਹਾਂ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਉਹ ਉਮੀਦ ਕਰਦੇ ਹਨ ਕਿ ਅਮਰੀਕਾ ਕੈਨੇਡਾ ਦੀ ਪ੍ਰਭੂਸੱਤਾ ਦਾ ਪੂਰਾ ਆਦਰ ਕਰੇਗਾ। ਇਸ ਦਰਮਿਆਨ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ‘ਅਲਬਰਟਾ ਪ੍ਰੋਸਪੈਰਿਟੀ ਪ੍ਰਾਜੈਕਟ’ (ਏਪੀਪੀ) ਨਾਲ ਸਬੰਧਤ ਆਗੂਆਂ ਨਾਲ ਤਿੰਨ ਵੱਖ-ਵੱਖ ਮੀਟਿੰਗਾਂ ਕੀਤੀਆਂ ਹਨ।

ਏਪੀਪੀ ਦਾ ਦਾਅਵਾ ਹੈ ਕਿ ਕੇਂਦਰੀ ਸਰਕਾਰ ਦੀਆਂ ਨੀਤੀਆਂ ਅਲਬਰਟਾ ਦੇ ਆਰਥਿਕ ਵਿਕਾਸ ’ਤੇ ਬੋਝ ਬਣ ਰਹੀਆਂ ਹਨ। ਇਸ ਗਰੁੱਪ ਨੇ ਅਗਲੇ ਮਹੀਨੇ ਅਮਰੀਕੀ ਵਿਦੇਸ਼ ਅਤੇ ਖ਼ਜ਼ਾਨਾ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਹੋਰ ਮੀਟਿੰਗ ਦੀ ਮੰਗ ਵੀ ਕੀਤੀ ਹੈ, ਜਿਸ ਵਿੱਚ 500 ਅਰਬ ਡਾਲਰ ਦੀ ਕਰੈਡਿਟ ਸਹੂਲਤ ਦੀ ਮੰਗ ਉਠਾਈ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਇਸ ਮਾਮਲੇ ’ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪਸ਼ਟ ਕੀਤਾ ਕਿ ਉਹ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਹੱਕ ਵਿੱਚ ਹਨ, ਪਰ ਉਨ੍ਹਾਂ ਕਿਹਾ ਕਿ ਲੋਕ ਰਾਏ ਤੋਂ ਪਤਾ ਲੱਗਦਾ ਹੈ ਕਿ ਲਗਭਗ 30 ਫੀਸਦੀ ਆਬਾਦੀ ਓਟਵਾ ਵੱਲੋਂ ਹੋ ਰਹੇ ਬੇਲੋੜੇ ਦਖਲ ਨਾਲ ਅਸੰਤੁਸ਼ਟ ਹੈ।

Scroll to Top