ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਵੱਲੋਂ ਮੈਡੀਕਲ ਖੇਤਰ ਵਿੱਚ ਖੋਜ

ਪਟਿਆਲਾ, 25 ਜਨਵਰੀ – ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਤਾਜ਼ਾ ਖੋਜ ਰਾਹੀਂ ਇੱਕ ਉੱਚ-ਗੁਣਵੱਤਾ ਵਾਲ਼ੀ ਅਜਿਹੀ ਮੈਡੀਕਲ ਇਮੇਜਿੰਗ ਤਕਨੀਕ ਵਿਕਸਿਤ ਕੀਤੀ ਗਈ ਹੈ, ਜੋ ਮਨੁੱਖੀ ਅੰਗਾਂ ਦੀ ਪਛਾਣ ਕਰਨ ਦੀ ਸ਼ੁੱਧਤਾ ਵਿੱਚ ਅਹਿਮ ਸੁਧਾਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਵਜੋਤ ਕੌਰ ਅਤੇ ਡਾ. ਨਿਰਵੈਰ ਨੀਰੂ ਦੀ ਅਗਵਾਈ ਹੇਠ ਖੋਜਾਰਥੀ ਡਾ. ਹਰਿੰਦਰ ਕੌਰ ਵੱਲੋਂ ਕੀਤੀ ਗਈ ਇਹ ਖੋਜ ‘ਪੇਟ ਦੇ ਸੀ.ਟੀ. ਸਕੈਨ ਚਿੱਤਰਾਂ ਰਾਹੀਂ ਇੱਕ ਤੋਂ ਵਧੇਰੇ ਅੰਗਾਂ ਦੀ ਪਛਾਣ ਨਾਲ਼ ਸਬੰਧਤ ਹੈ। ਇਹ ਤਕਨੀਕ ਗੁੰਝਲਦਾਰ ਕਿਸਮ ਦੇ ਸੀ.ਟੀ. ਸਕੈਨਾਂ ਵਿੱਚ ਅੰਗਾਂ ਦੀਆਂ ਸੀਮਾਵਾਂ ਦੀ ਸਪੱਸ਼ਟ ਪਛਾਣ ਕਰਨ ਵੇਲ਼ੇ ਪੈਦਾ ਹੁੰਦੀ ਚੁਣੌਤੀ ਦਾ ਹੱਲ ਕਰਦੀ ਹੈ।
ਖੋਜਾਰਥੀ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਹ ਖੋਜ ਇੱਕ ਨਵੀਂ ਦੋ-ਪੜਾਵੀ ਵਿਧੀ ਪੇਸ਼ ਕਰਦੀ ਹੈ ਜੋ ਇਸ ਖੇਤਰ ਵਿੱਚ ਪਹਿਲਾਂ ਉਪਲਬਧ ਕਈ ‘ਡੀਪ-ਲਰਨਿੰਗ’ ਮਾਡਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਿ ਇਸ ਤਕਨੀਕ ਦਾ ਪਹਿਲਾ ਪੜਾਅ ਅੰਗਾਂ (ਜਿਵੇਂ ਜਿਗਰ, ਐਓਰਟਾ ਅਤੇ ਤਿੱਲੀ) ਦੇ ਨਾਜ਼ੁਕ ਆਕਾਰ ਅਤੇ ਸੀਮਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਸਬੰਧਤ ਚਿੱਤਰ ਦੇ ਕੰਟਰਾਸਟ ਨੂੰ ਕਾਫ਼ੀ ਵਧਾਉਂਦਾ ਹੈ। ਇਸ ਵਿੱਚ ‘ਵੇਟਿਡ ਗ੍ਰੇ ਵੁਲਫ ਓਪਟੀਮਾਈਜੇਸ਼ਨ’ (ਜੀ.ਡਬਲਿਊ. ਓ.) ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ। ਦੂਜੇ ਪੜਾਅ ਵਿੱਚ ‘ਐਕਸ-ਡੈਂਸਨੈੱਟ’ ਆਰਕੀਟੈਕਚਰ ਦੀ ਵਰਤੋਂ ਕੀਤੀ ਗਈ ਹੈ, ਜੋ ਸਿਸਟਮ ਨੂੰ ਅੰਗਾਂ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬਹੁਤ ਸਹੀ ਅਤੇ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ।
ਡਾ. ਨਵਜੋਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਿਆਰੀ ਡੇਟਾਸੈਟਸ (ਫਲੇਅਰ 22 ਅਤੇ ਬੀ.ਟੀ.ਸੀ.ਵੀ.) ਦੇ ਮੁਕਾਬਲੇ ਇਸ ਤਕਨੀਕ ਨੇ ਸ਼ਾਨਦਾਰ ਨਤੀਜੇ ਦਿਖਾਏ ਹਨ। ਐਓਰਟਾ ਦੀ ਪਛਾਣ ਵਿੱਚ ਇਸ ਨੇ 0.9938 ਦਾ ਸਕੋਰ ਪ੍ਰਾਪਤ ਕੀਤਾ, ਜੋ ਕਿ ਮੌਜੂਦਾ ‘ਡਿਫਿਊਜ਼ਨ ਮਾਡਲ’ ਤੋਂ ਵੀ ਕਿਤੇ ਵੱਧ ਹੈ। ਤਿੱਲੀ ਦੀ ਪਛਾਣ ਵਿੱਚ ਵੀ 0.9833 ਦਾ ਉੱਚ ਸਕੋਰ ਹਾਸਿਲ ਕੀਤਾ ਗਿਆ ਹੈ।
ਡਾ. ਨਿਰਵੈਰ ਨੀਰੂ ਨੇ ਦੱਸਿਆ ਕਿ ਇਸ ਖੋਜ ਨੂੰ ਪਹਿਲਾਂ ਹੀ ਅੰਤਰ-ਰਾਸ਼ਟਰੀ ਮਾਨਤਾ ਮਿਲ ਚੁੱਕੀ ਹੈ। ਇਹ ਖੋਜ ਕਾਰਜ ਉੱਚ-ਮਿਆਰ ਵਾਲੇ ਜਰਨਲ ‘ਡਿਸਪਲੇਅਜ਼’ (ਐਲਸਵੀਅਰ, ਐੱਸ.ਸੀ.ਆਈ.-ਇੰਡੈਕਸਡ), ਸਕੋਪਸ-ਇੰਡੈਕਸਡ ਜਰਨਲ ਅਤੇ ਕਈ ਆਈ. ਈ. ਈ. ਈ. ਕਾਨਫਰੰਸਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੈਡੀਕਲ ਏ.ਆਈ. ਦੇ ਖੇਤਰ ਵਿੱਚ ਪਾਏ ਇਸ ਯੋਗਦਾਨ ਲਈ ਖੋਜ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਖੋਜਾਰਥੀ ਯੂਨੀਵਰਸਿਟੀ ਨੂੰ ਮੈਡੀਕਲ ਇਮੇਜਿੰਗ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਵੀ ਅੱਗੇ ਲਿਆ ਰਹੇ ਹਨ। ਉਨ੍ਹਾਂ  ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਜਿਹੀਆਂ ਖੋਜ ਲਈ ਵਚਨਬੱਧ ਹੈ ਜੋ  ਅਸਲ ਜ਼ਿੰਦਗੀ ਵਿੱਚ ਅਸਰਅੰਦਾਜ਼ ਹੋਣ। ਉਨ੍ਹਾਂ ਕਿਹਾ ਕਿ ਇਹ ਤਕਨੀਕ ਰੇਡੀਓਲੋਜਿਸਟਾਂ ਨੂੰ ਤੇਜ਼ੀ ਨਾਲ ਅਤੇ ਜਾਨ ਬਚਾਉਣ ਵਾਲੇ ਫੈਸਲੇ ਲੈਣ ਵਿੱਚ ਸਹਾਇਤਾ ਕਰੇਗੀ।
Scroll to Top