ਅਦਾਲਤਾਂ ਤੋਂ ਵੀ ਸਿੱਖਾਂ ਨੂੰ ਨਹੀਂ ਮਿਲ ਰਿਹਾ ਇਨਸਾਫ : ਪ੍ਰੋ. ਬਡੂੰਗਰ

ਪਟਿਆਲਾ 22 ਜਨਵਰੀ – ’84 ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਦੀ ਅਦਾਲਤ ਵੱਲੋਂ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਲ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਸਿੰਘ ਨੂੰ ਬਰੀ ਕੀਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਡੂੰਘੀ ਚਿੰਤਾ ਦੇ ਨਾਲ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤੀ ਫੈਸਲੇ ਨਾਲ ਇਕ ਵਾਰ ਫੇਰ ਅਦਾਲਤ ਤੋਂ ਇਨਸਾਫ ਦੀ ਆਸ ਲਗਾਈ ਬੈਠੀਆਂ ਉਨ੍ਹਾਂ ਧਿਰਾਂ ਨੂੰ ਵੱਡੀ ਠੇਸ ਪੁੱਜੀ ਹੈ, ਜੋ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦੀ ਲੜਾਈ ਲੜ ਰਹੀਆਂ ਹਨ।

ਸਾਬਕਾ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿਚ 1984 ਦੌਰਾਨ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹ ਸੋੀ ਸਾਜਿਸ਼ ਦਾ ਹਿੱਸਾ ਰਿਹਾ ਅਤੇ ਪੀੜਤ ਧਿਰਾਂ ਨੇ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਪਹਿਚਾਣ ਕੀਤੀ, ਜਿਨਾਂ ਨੇ ਸਿੱਖ ਵਿਰੋਧੀ ਦੰਗਿਆਂ ਨੂੰ ਅੰਜਾਮ ਪਹੁੰਚਾਇਆ। ਉਨ੍ਹਾਂ ਕਿਹਾ ਕਿ ਬੇਹੱਦ ਅਫਸੋਸ ਹੁੰਦਾ ਹੈ ਕਿ ਜਦੋਂ ਸਿੱਖ ਇਨਸਾਫ ਲੈਣ ਲਈ ਅਦਾਲਤਾਂ ਤੱਕ ਪਹੁੰਚ ਕਰਦੇ ਹਨ ਤਾਂ ਉਥੋਂ ਵੀ ਕਈ ਵਾਰ ਅਜਿਹੇ ਨਿਰਾਸ਼ਾ ਵਾਲੇ ਫੈਸਲੇ ਆਉਂਦੇ ਹਨ, ਜਿਸ ਨਾਲ ਸਿੱਖ ਹਿਰਦੇ ਵਲਧੂੰਰੇ ਜਾਂਦੇ ਹਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀਆਂ ਅਦਾਲਤਾਂ ਤੋਂ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਚਿੰਤਾ ਹੋਰ ਵੀ ਵੱਡੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤਾਂ ਵਿਚ ਕਈ ਪੀੜਤ ਧਿਰਾਂ ਨੇ ਪਹੁੰਚ ਕਰਕੇ ਇਨਸਾਫ ਦੀ ਮੰਗ ਰੱਖੀ, ਪ੍ਰੰਤੂ ਲੰਮਾ ਸਮਾਂ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨ ਤੋਂ ਬਾਅਦ ਵੀ ਅਦਾਲਤਾਂ ਸਿੱਖਾਂ ਨੂੰ ਇਨਸਾਫ ਨਹੀਂ ਦੇ ਪਾ ਰਹੀਆਂ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਦਿੱਲੀ ਦੇ ਜਨਕਪੁਰੀ ਤੇ ਵਿਕਾਸਪੁਰੀ ਹਿੰਸਾ ਕੇਸ ਵਿਚ ਸੱਜਣ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਪੀੜਤ ਧਿਰਾਂ ਪ੍ਰਤੀ ਅਦਾਲਤਾਂ ਨੂੰ ਵੀ ਅਜਿਹੇ ਫੈਸਲੇ ਦੇਣੇ ਚਾਹੀਦੇ ਹਨ ਤਾਂ ਕਿ ਪੀੜਤ ਧਿਰਾਂ ਨੂੰ ਅਸਲ ਵਿਚ ਅਰਥਾਂ ਵਿਚ ਇਨਸਾਫ ਮਿਲ ਸਕੇ।

Scroll to Top