ਸਰੂਪਾਂ ਦੇ ਮਾਮਲੇ ’ਚ ਵਿਧਾਇਕ ਡਾ. ਸੁੱਖੀ ਨੇ ਛੱਡੀ ਚੇਅਰਮੈਨੀ ਤੇ ਕੈਬਨਿਟ ਰੈਂਕ

ਦਿੱਲੀ, 19 ਜਨਵਰੀ : ਸਰੂਪਾਂ ਦੇ ਮਾਮਲੇ ਵਿਚ ਸਿਆਸੀ ਤਣਾਅ ਅੱਜ ਉਸ ਸਮੇ ਵਧ ਗਿਆ ਜਦੋ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਪਦ ਤੋਂ ਅਸਤੀਫ਼ਾ ਦੇ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਮਿਲਿਆ ਕੈਬਨਿਟ ਰੈਂਕ ਵੀ ਤਿਆਗ ਦਿੱਤਾ। ਕਰੀਬ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨੂੰ ਕੈਬਨਿਟ ਰੈਂਕ ਸਮੇਤ ਇਹ ਜ਼ਿੰਮੇਵਾਰੀ ਸੌਂਪੀ ਸੀ।

ਦਸ ਦਈਏ ਕਿ ਡਾ. ਸੁੱਖੀ, ਜੋ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਬੰਗਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਬਾਅਦ ਵਿੱਚ ‘ਆਪ’ ਵਿੱਚ ਸ਼ਾਮਲ ਹੋਏ, ਨੇ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਦਾਅਵਿਆਂ ਨੂੰ ਰੱਦ ਕੀਤਾ ਸੀ। ‘ਆਪ’ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਗਿਆ ਅਸਤੀਫ਼ਾ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ।

ਡਾ. ਸੁੱਖੀ ਵੱਲੋਂ ਇਹ ਫ਼ੈਸਲਾ ਉਸ ਤੋਂ ਬਾਅਦ ਲਿਆ ਗਿਆ ਜਦੋਂ ਪੰਜਾਬ ਪੁਲੀਸ ਵੱਲੋਂ ਗੁੰਮ ਹੋਏ 328 ਸਰੂਪਾਂ ਦੀ ਜਾਂਚ ਦੌਰਾਨ 169 ਸਰੂਪ ਮਿਲਣ ਦੇ ਦਾਅਵੇ ਕੀਤੇ ਗਏ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ ਅਤੇ ਡਾ. ਸੁੱਖੀ ਨੇ ਸਰਕਾਰ ਦੇ ਦਾਅਵਿਆਂ ਨਾਲ ਅਸਹਿਮਤੀ ਜਤਾਈ ਸੀ।

Scroll to Top