ਅਣਪਛਾਤੇ ਹਮਲਾਵਰਾਂ ਨੇ ਚੰਡੀਗੜ ਵਿਖੇ ਬਿਲਡਰ ਦੇ ਘਰ ਕੀਤੀ ਫਾਇਰਿੰਗ

ਚੰਡੀਗੜ੍ਹ, 16 ਜਨਵਰੀ : ਚੰਡੀਗੜ੍ਹ ਦੇ ਸੈਕਟਰ-21 ਵਿੱਚ ਬੀਤੀ ਦੇਰ ਰਾਤ ਇਕ ਬਿਲਡਰ ਦੇ ਘਰ ਵਿਚ ਅਣਪਛਾਤੇ ਵਿਅਕਤੀਆਂ ਵਲੋ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਹਮਲਾਵਰਾਂ ਵੱਲੋਂ ਮੌਕੇ ’ਤੇ ਇੱਕ ਨੋਟ ਵੀ ਸੁੱਟਿਆ ਗਿਆ, ਜਿਸ ਵਿੱਚ ਮੁਹੱਬਤ ਸਿੰਘ ਅਤੇ ਪਵਨ ਸ਼ੌਕੀਨ ਦੇ ਨਾਮ ਲਿਖੇ ਹੋਏ ਸਨ, ਨਾਲ ਹੀ ਗੈਂਗਸਟਰ ਡੋਨੀ ਬਲ ਅਤੇ ਗੋਪੀ ਘਣਸ਼ਿਆਮ ਪੁਰੀਆ ਗਰੁੱਪ ਦੇ ਨਾਮ ’ਤੇ ਧਮਕੀ ਭਰੇ ਸੰਦੇਸ਼ ਦਿੱਤੇ ਗਏ ਸਨ।

ਜਾਣਕਾਰੀ ਅਨੁਸਾਰ ਇਹ ਮਾਮਲਾ ਪ੍ਰਸਿੱਧ ਬਿਲਡਰ ਅਤੇ ਦ ਐਡਰੈੱਸ ਗਰੁੱਪ ਨਾਲ ਜੁੜੇ ਅੰਕਿਤ ਸਿਡਾਨਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਹਮਲਾਵਰਾਂ ਨੇ ਘਰ ਵੱਲ ਤਿੰਨ ਰਾਊਂਡ ਫਾਇਰ ਕੀਤੇ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਵਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Scroll to Top