ਪਟਿਆਲਾ, 13 ਜਨਵਰੀ : ਪਟਿਆਲਾ ਨਗਰ ਨਿਗਮ ਵੱਲੋਂ ਡਿਜੀਟਲ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅੱਜ ਦੂਜੇ ਪੜਾਅ ਵਿੱਚ ਨਗਰ ਨਿਗਮ ਦੇ ਹੋਰ 14 ਦੇ ਕਰੀਬ ਕੌਂਸਲਰਾਂ ਨੂੰ ਟੈਬਲੇਟ ਵੰਡੇ ਗਏ। ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਪਟਿਆਲਾ ਨੂੰ ਤਕਨੀਕੀ ਤੌਰ ’ਤੇ ਅੱਗੇ ਲਿਜਾਣਾ ਅਤੇ ਨਗਰ ਨਿਗਮ ਦੇ ਸਾਰੇ ਕੰਮਕਾਜ ਨੂੰ ਪਾਰਦਰਸ਼ੀ, ਤੇਜ਼ ਅਤੇ ਜਵਾਬਦੇਹ ਬਣਾਉਣਾ ਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਨਗਰ ਨਿਗਮ ਦਾ ਹਰ ਫ਼ੈਸਲਾ, ਏਜੰਡਾ ਅਤੇ ਕਾਰਵਾਈ ਹੁਣ ਤੁਰੰਤ ਉਪਲਬਧ ਹੋ ਸਕੇਗੀ। ਉਨ੍ਹਾਂ ਕਿਹਾ ਕਿ ਟੈਬਲੇਟ ਮਿਲਣ ਨਾਲ ਕੌਂਸਲਰਾਂ ਨੂੰ ਮੀਟਿੰਗਾਂ ਦੀ ਤਿਆਰੀ ਕਰਨ ਵਿੱਚ ਸੁਵਿਧਾ ਮਿਲੇਗੀ ਅਤੇ ਜਨਰਲ ਹਾਊਸ ਦੀਆਂ ਮੀਟਿੰਗਾਂ ਵਿੱਚ ਚਰਚਾ ਹੋਰ ਤਰਤੀਬਬੱਧ ਅਤੇ ਮੱਤਵਪੂਰਨ ਬਣੇਗੀ। ਉਨ੍ਹਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਗਰ ਨਿਗਮ ਦਾ ਕੰਮ ਸਿਰਫ਼ ਦਫ਼ਤਰਾਂ ਤੱਕ ਸੀਮਤ ਨਾ ਰਹੇ, ਬਲਕਿ ਹਰ ਨਾਗਰਿਕ ਤੱਕ ਪਾਰਦਰਸ਼ੀ ਢੰਗ ਨਾਲ ਪਹੁੰਚੇ।
ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਦੂਜਾ ਪੜਾਅ ਨਿਗਮ ਦੀ ਡਿਜੀਟਲ ਯਾਤਰਾ ਦਾ ਅਹਿਮ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਟੈਬਲੇਟਾਂ ਦੇ ਮਾਧਿਅਮ ਨਾਲ ਹੁਣ ਸਾਰੇ ਏਜੰਡੇ, ਫ਼ੈਸਲੇ ਅਤੇ ਰਿਕਾਰਡ ਡਿਜੀਟਲ ਰੂਪ ਵਿੱਚ ਸੰਭਾਲੇ ਜਾ ਸਕਣਗੇ, ਜਿਸ ਨਾਲ ਕਾਗਜ਼ੀ ਕਾਰਵਾਈ ਵਿੱਚ ਵੱਡੀ ਕਮੀ ਆਵੇਗੀ ਅਤੇ ਕੰਮਕਾਜ ਹੋਰ ਸੁਚਾਰੂ ਬਣੇਗਾ। ਅਸੀਂ ਚਾਹੁੰਦੇ ਹਾਂ ਕਿ ਹਰ ਕੌਂਸਲਰ ਤਕਨੀਕ ਨਾਲ ਜੁੜ ਕੇ ਸ਼ਹਿਰ ਦੀ ਭਲਾਈ ਲਈ ਤੇਜ਼ੀ ਨਾਲ ਫ਼ੈਸਲੇ ਲਏ। ਇਸ ਨਾਲ ਨਾਗਰਿਕਾਂ ਦੀਆਂ ਸ਼ਿਕਾਇਤਾਂ, ਸੁਝਾਵ ਅਤੇ ਅਰਜ਼ੀਆਂ ਦਾ ਨਿਪਟਾਰਾ ਵੀ ਤੇਜ਼ ਹੋਵੇਗਾ।
ਮੇਅਰ ਅਤੇ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦੀਆਂ ਕਈ ਹੋਰ ਸੇਵਾਵਾਂ ਨੂੰ ਵੀ ਆਨਲਾਈਨ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਟਿਆਲਾ ਨੂੰ ਇੱਕ ਆਧੁਨਿਕ, ਤਕਨੀਕੀ ਅਤੇ ਲੋਕ-ਪੱਖੀ ਸ਼ਹਿਰ ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ ਅਤੇ ਇਸ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
ਇਸ ਮੌਕੇ ਕੌਂਸਲਰ ਸ੍ਰੀ ਜਸਬੀਰ ਸਿੰਘ ਵਾਰਡ ਨੰਬਰ 6, ਸ੍ਰੀਮਤੀ ਨੇਹਾ ਵਾਰਡ ਨੰਬਰ 9, ਕੌਂਸਲਰ ਸ੍ਰੀ ਮਨਦੀਪ ਸਿੰਘ ਵਾਰਡ ਨੰਬਰ 4, ਕੌਂਸਲਰ ਸ੍ਰੀਮਤੀ ਨਵਦੀਪ ਕੌਰ ਵਾਰਡ ਨੰਬਰ 25, ਕੌਂਸਲਰ ਸ੍ਰੀ ਹਰੀ ਭਵਨ ਨੰਬਰ 24, ਕੌਂਸਲਰ ਸ੍ਰੀਮਤੀ ਕੁਲਬੀਰ ਕੌਰ ਵਾਰਡ ਨੰਬਰ 7, ਕੌਂਸਲਰ ਸ੍ਰੀਮਤੀ ਰੇਨੂ ਬਾਲਾ ਵਾਰਡ ਨੰਬਰ 3, ਕੌਂਸਲਰ ਸ੍ਰੀਮਤੀ ਝਿਰਮੋਲਜੀਤ ਕੌਰ ਵਾਰਡ ਨੰਬਰ 13, ਕੌਂਸਲਰ ਸ੍ਰੀ ਕੁਲਵੰਤ ਸਿੰਘ ਵਾਰਡ ਨੰਬਰ 26,ਕੌਂਸਲਰ ਸ਼੍ਰੀ ਸਾਗਰ ਵਾਰਡ ਨੰਬਰ 52, ਕੌਂਸਲਰ ਸ਼੍ਰੀਮਤੀ ਨੇਹਾ ਸਿੱਧੂ ਵਾਰਡ ਨੰਬਰ 49 , ਕੌਂਸਲਰ ਸ੍ਰੀ ਗੁਰ ਕਿਰਪਾਲ ਸਿੰਘ ਵਾਰਡ ਨੰਬਰ 14, ਕੌਂਸਲਰ ਸ੍ਰੀ ਗਿਆਨ ਚੰਦ ਵਾਰਡ ਨੰਬਰ 18, ਕੌਂਸਲਰ ਸ੍ਰੀਮਤੀ ਸੋਨੀਆ ਵਾਰਡ ਨੰਬਰ 1 ਨੂੰ ਟੈਬਲੇਟ ਦਿੱਤੇ ਗਏ ।