ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਭ ਦਾ ਸਹਿਯੋਗ ਜਰੂਰੀ – ਹਰਚੰਦ ਸਿੰਘ ਬਰਸਟ

ਪਟਿਆਲਾ, 12 ਜਨਵਰੀ  : ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਸ੍ਰੀ ਵਿਜੇ ਗੋਇਲ ਦੀ ਅਗਵਾਈ ਹੇਠ ਸਟੇਟ ਕਾਲਜ, ਪਟਿਆਲਾ ਵਿਖੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਅਤੇ ਲੋਹੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਸੋਸਾਇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਲੋਕ-ਭਲਾਈ ਦੇ ਕਾਰਜ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ ਗਿਆ। ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਇਸ ਸਾਲ ਨੂੰ ਸੋਸਾਇਟੀ ਵੱਲੋਂ ਸਿਲਵਰ ਜੁਬਲੀ ਸਾਲ ਵੱਜੋਂ ਮਨਾਇਆ ਜਾ ਰਿਹਾ ਹੈ ਅਤੇ ਇਸਦੇ ਤਹਿਤ ਸੋਸਾਇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵੀ ਵਧੀਆ ਉਪਰਾਲੇ ਕੀਤੇ ਜਾਣਗੇ। ਸਮਾਗਮ ਦੌਰਾਨ ਥੀਏਟਰ ਕਲਾਕਾਰਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਇਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਲਾਘਾ ਕੀਤੀ ਗਈ। ਇਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ।

ਇਸ ਮੌਕੇ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੇ ਹੋਣਹਾਰ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਚੰਗਾ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਸ. ਬਰਸਟ ਨੇ ਸਾਰਿਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ  ਕਿਹਾ ਕਿ ਅਜਿਹੇ ਸਮਾਜਿਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਮੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਲਗਾਤਾਰ ਕਾਰਜ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਸਫਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸ. ਬਰਸਟ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।

ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਗੋਇਲ ਪ੍ਰਧਾਨ, ਡਾ. ਪੁਰਸ਼ੋਤਮ ਗੋਇਲ ਜਨਰਲ ਸਕੱਤਰ, ਅਮਰਜੀਤ ਸਿੰਘ, ਰੁਪਿੰਦਰ ਸਿੰਘ, ਐਸ.ਐਮ.ਓ. ਡਾ. ਵਿਕਾਸ ਗੋਇਲ, ਪਦਮ ਸ੍ਰੀ ਪ੍ਰਾਣ ਸਭੱਰਵਾਲ, ਤਰਸੇਮ ਬਾਂਸਲ, ਐਸ.ਕੇ ਖੋਸਲਾ, ਡਾ. ਮਲਕੀਰਤ ਮਾਨ, ਪ੍ਰੇਮ ਕੁਮਾਰ ਗੋਇਲ, ਗੁਰਬਖਸ਼ ਸਿੰਘ ਓਬਰਾਏ, ਰਜੇਸ਼ ਵਰਮਾ, ਸੁਰਿੰਦਰ ਕੁਮਾਰ ਗੁਪਤਾ, ਸਕਸ਼ਮ ਗੁਪਤਾ, ਸੰਜੇ ਧੀਰ ਅਤੇ ਕਲਾਕਾਰ ਬਜਿੰਦਰ ਠਾਕੁਰ, ਅਮ੍ਰਿੰਤਪਾਲ ਸਿੰਘ ਕੋਫੀ, ਕਰੀਵੀ ਗੋਇਲ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ।

Scroll to Top