ਪਟਿਆਲਾ, 26 ਦਸੰਬਰ – ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਵੱਖ-ਵੱਖ ਰੈਣ ਬਸੇਰਿਆ ਦੀ ਅਚਾਨਕ ਦੇਰ ਰਾਤ ਜਾਂਚ ਕਰਕੇ ਉਥੇ ਦੀਆਂ ਸੁਵਿਧਾਵਾਂ, ਰਜਿਸਟਰੇਸ਼ਨ ਪ੍ਰਕਿਰਿਆ ਤੇ ਨਗਰ ਨਿਗਮ ਵੱਲੋਂ ਦਿੱਤੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਜਾਂਚ ਮੁਹਿੰਮ ਦੌਰਾਨ ਉਨ੍ਹਾਂ ਨੇ ਕਰਮਚਾਰੀਆਂ ਦੇ ਹਾਜ਼ਰੀ ਰਜਿਸਟਰ, ਸ਼ੈਲਟਰਾਂ ‘ਚ ਰਹਿ ਰਹੇ ਲੋਕਾਂ ਦੀ ਡਿਟੇਲ ਰਜਿਸਟਰ, ਤੇ ਹੋਰ ਸਬੰਧਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਚੈਕ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੈਣ ਬਸੇਰਿਆ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਨਿਯਮਾਂ ਦੇ ਅਨੁਸਾਰ ਸਹੂਲਤਾਂ ਮਿਲ ਰਹੀਆਂ ਹਨ।
ਮੇਅਰ ਗੋਗੀਆ ਨੇ ਕਿਹਾ ਕਿ ਸਖ਼ਤ ਸਰਦੀਆਂ ਦੇ ਦਿਨਾਂ ਵਿੱਚ ਨਗਰ ਨਿਗਮ ਦੀ ਪਹਿਲ ਰਹਿੰਦੀ ਹੈ ਕਿ ਸ਼ਹਿਰ ਵਿੱਚ ਕੋਈ ਵੀ ਜਰੂਰਤਮੰਦ ਵਿਅਕਤੀ ਰਾਤ ਸੜਕਾਂ ਉੱਤੇ ਜਾਂ ਖੁੱਲ੍ਹੇ ਆਸਮਾਨ ਹੇਠਾਂ ਨਾ ਬਿਤਾਵੇ। ਉਨ੍ਹਾਂ ਨੇ ਦੱਸਿਆ ਕਿ ਨਾਈਟ ਸ਼ੈਲਟਰਾਂ ਵਿੱਚ ਬਿਸਤਰੇ, ਕੰਬਲ, ਸਾਫ਼ ਸਫ਼ਾਈ, ਪੀਣ ਵਾਲਾ ਪਾਣੀ ਅਤੇ ਸੁਰੱਖਿਆ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸਦਾ ਜਰੂਰਤਮੰਦ ਲੋਕ ਪੂਰਾ ਲਾਹਾ ਲੈ ਸਕਦੇ ਹਨ।
ਚੈਕਿੰਗ ਦੌਰਾਨ ਮੇਅਰ ਨੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਕਿਹਾ ਕਿ ਸ਼ੈਲਟਰਾਂ ਵਿੱਚ ਆਉਣ ਵਾਲੇ ਲੋਕਾਂ ਨਾਲ ਸਨਮਾਨ ਅਤੇ ਮਨੁੱਖਤਾ ਭਰਿਆ ਵਤੀਰਾ ਰੱਖਿਆ ਜਾਵੇ ਅਤੇ ਕਿਸੇ ਨੂੰ ਵੀ ਬਿਨਾਂ ਰਜਿਸਟ੍ਰੇਸ਼ਨ ਦੇ ਠਹਿਰਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਮੇਅਰ ਗੋਗੀਆ ਨੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਖਾਸ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਵਿਅਕਤੀ ਸੜਕਾਂ ‘ਤੇ ਰਹਿੰਦਾ ਜਾਂ ਰਾਤ ਗੁਜ਼ਾਰਦਾ ਦਿੱਸੇ, ਤਾਂ ਉਸਨੂੰ ਨਾਈਟ ਸ਼ੈਲਟਰਾਂ ਵੱਲ ਦਿਸ਼ਾ-ਨਿਰਦੇਸ਼ ਦੇਣ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ, ਨਾਈਟ ਸ਼ੈਲਟਰ ਜਰੂਰਤਮੰਦਾਂ ਲਈ ਸੁਰੱਖਿਅਤ ਛੱਤ ਹਨ, ਇਸ ਲਈ ਲੋਕ ਇਨ੍ਹਾਂ ਸਹੂਲਤਾਂ ਨੂੰ ਬੇਝਿਜ਼ਕ ਵਰਤਣ। ਸ਼ਹਿਰ ਦੀ ਜ਼ਿੰਮੇਵਾਰੀ ਸਾਡੀ ਹੈ , ਪਰ ਜਰੂਰਤਮੰਦਾਂ ਤੱਕ ਜਾਣਕਾਰੀ ਪਹੁੰਚਾਉਣ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।