ਬਰਨਾਲਾ, 16 ਦਸੰਬਰ : ਜਿਉ ਜਿਉ ਠੰਡ ਤੇ ਧੁੰਦ ਦਾ ਪ੍ਰਕੋਪ ਵਧ ਰਿਹਾ, ਉਵੇ ਹੀ ਹਾਦਸਿਆਂ ਵਿਚ ਵੀ ਵਾਧਾ ਹੋ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਬਰਨਾਲਾ-ਮੋਗਾ ਹਾਈਵੇਅ ਉੱਤੇ ਮੱਲੀਆਂ ਟੋਲ ਪਲਾਜ਼ੇ ਦੇ ਨੇੜੇ ਘਣੀ ਧੁੰਦ ਕਾਰਨ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ, ਜਦੋ ਕਿ ਬਾਕੀ ਗੰਭੀਰ ਜਖਮੀ ਹਨ।
ਜਾਣਕਾਰੀ ਅਨੁਸਾਰ ਤਰਨਤਾਰਨ ਨਾਲ ਸੰਬੰਧਿਤ ਇੱਕ ਪਰਿਵਾਰ ਦੋ ਵੱਖ-ਵੱਖ ਵਾਹਨਾਂ ਵਿੱਚ ਆਪਣੀ ਧੀ ਦੇ ਸ਼ਗਨ ਸਮਾਗਮ ਲਈ ਸਿਰਸਾ ਵੱਲ ਰਵਾਨਾ ਹੋ ਰਿਹਾ ਸੀ । ਟੋਲ ਪਲਾਜ਼ੇ ’ਤੇ ਦੋਵੇਂ ਵਾਹਨ ਸੰਤੁਲਨ ਖੋ ਬੈਠੇ ਅਤੇ ਡਿਵਾਈਡਰ ਨਾਲ ਟਕਰਾ ਗਏ, ਜਿਸ ਨਾਲ ਇੱਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਹਾਦਸੇ ਵਿੱਚ ਲੜਕੀ ਦੇ ਭਰਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲੜਕੀ ਸਮੇਤ ਪੰਜ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲੜਕੀ ਦਾ ਪੈਰ ਟੁੱਟਣ ਦੀ ਪੁਸ਼ਟੀ ਕੀਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਸੁਨੀਲ ਮਸੀਹ (31), ਅਰਸ਼ਦੀਪ ਮਸੀਹ (21) ਅਤੇ ਅਨੂ (18) ਵਜੋਂ ਹੋਈ ਹੈ। ਮੌਕੇ ਤੇ ਮੌਜੁਦ ਲੋਕਾਂ ਨੇ ਦਸਿਆ ਕਿ ਹਾਦਸਾ ਧੁੰਦ ਦੇ ਕਾਰਨ ਹੋਇਆ ਹੈ, ਜਿਸ ਕਾਰਨ ਇਲਾਕੇ ਅੰਦਰ ਸੋਕ ਦੀ ਲਹਿਰ ਦੌੜ ਗਈ ਹੈ।